ਤਾਪਸੀ ਪੰਨੂ ਨੇ ਲਾਂਚ ਕੀਤਾ ਪ੍ਰੋਡਕਸ਼ਨ ਹਾਊਸ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ, ਜੁਲਾਈ 16

ਅਦਾਕਾਰਾ ਤਾਪਸੀ ਪੰਨੂ ਨੇ ਆਪਣਾ ਪ੍ਰੋਡਕਸ਼ਨ ਹਾਊਸ ‘ਆਊਟਸਾਈਡਰਜ਼ ਫ਼ਿਲਮਜ਼’ ਲਾਂਚ ਕੀਤਾ। ਤਾਪਸੀ ਨੇ ਕਿਹਾ ਕਿ ਇਸ ਬੈਨਰ ਹੇਠ ਉਹ ਵਧੀਆ ਫ਼ਿਲਮਾਂ ਤਿਆਰ ਕਰੇਗੀ। ‘ਪਿੰਕ’, ‘ਮੁਲਕ’, ‘ਮਨਮਰਜ਼ੀਆਂ’ ਅਤੇ ‘ਥੱਪੜ’ ਵਰਗੀਆਂ ਫ਼ਿਲਮਾਂ ਵਿੱਚ ਬਾਕਮਾਲ ਕੰਮ ਕਰ ਚੁੱਕੀ 33 ਸਾਲਾ ਅਦਾਕਾਰਾ ਨੇ ਦੱਸਿਆ ਕਿ ਫ਼ਿਲਮ ਨਿਰਮਾਣ ਵੱਲ ਆਉਣ ਦਾ ਫ਼ੈਸਲਾ ਉਸ ਦਾ ਆਪਣਾ ਹੈ। ਮਨੋਰੰਜਨ ਜਗਤ ਵਿੱਚ ਲਗਪਗ ਇੱਕ ਦਹਾਕੇ ਤੋਂ ਕੰਮ ਕਰ ਰਹੀ ਤਾਪਸੀ ਨੇ ਹਾਲ ਹੀ ਵਿੱਚ ‘ਸੁਪਰ 30’, ‘ਸੂਰਮਾ’ ਤੇ ‘ਪੀਕੂ’ ਵਰਗੀਆਂ ਫ਼ਿਲਮਾਂ ਦੇ ਕੰਟੈਂਟ ਕ੍ਰੀਏਟਰ ਤੇ ਨਿਰਮਾਤਾ ਰਹੇ ਪ੍ਰਾਂਜਲ ਖਾਂਧੜੀਆ ਨਾਲ ਸਾਂਝੇ ਰੂਪ ਵਿੱਚ ਫ਼ਿਲਮ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ।

ਤਾਪਸੀ ਨੇ ਕਿਹਾ ਕਿ ਮੈਨੂੰ ਸ਼ੁਰੂ ਤੋਂ ਹੀ ਸਪੱਸ਼ਟ ਸੀ ਕਿ ਫ਼ਿਲਮ ਨਿਰਦੇਸ਼ਨ ਮੇਰੇ ਵੱਸ ਦਾ ਕੰਮ ਨਹੀਂ। ਹਾਂ, ਫ਼ਿਲਮ ਨਿਰਮਾਣ ਇੱਕ ਅਜਿਹਾ ਕੰਮ ਹੈ, ਜਿਸ ਬਾਰੇ ਮੈਂ ਸੋਚ ਸਕਦੀ ਹਾਂ। ਇੱਕ ਅਦਾਕਾਰ ਹੋਣ ਨਾਤੇ ਮੈਨੂੰ ਅਦਾਕਾਰੀ ਬਹੁਤ ਪਸੰਦ ਹੈ। ਮੈਂ ਜਦੋਂ ਸੈੱਟ ’ਤੇ ਹੁੰਦੀ ਹਾਂ ਤਾਂ ਕੋਈ ਵੀ ਹੋਰ ਕੰਮ ਮੇਰਾ ਧਿਆਨ ਨਹੀਂ ਖਿੱਚ ਸਕਦਾ। ਤਾਪਸੀ ਨੇ ਕਿਹਾ ਕਿ ਮੈਂ ਇੱਕ ਅਜਿਹੇ ਸਾਥੀ ਨਾਲ ਫ਼ਿਲਮ ਨਿਰਮਾਣ ਦਾ ਕੰਮ ਕਰਨਾ ਚਾਹੁੰਦੀ ਸੀ , ਜਿਸ ਨਾਲ ਮੈਂ ਆਪਣੀ ਅਦਾਕਾਰੀ ’ਤੇ ਪੂਰਾ ਧਿਆਨ ਦੇ ਸਕਦੀ ਹੋਵਾਂ ਤੇ ਜੋ ਬਾਕੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਸੰਭਾਲ ਸਕੇ।

More from this section