ਦੇਸ਼

ਸੁਪਰੀਮ ਕੋਰਟ ਵੱਲੋਂ ਕੋਰੋਨਾ ਦੌਰਾਨ ਕਾਂਵੜ ਯਾਤਰਾ ਕਰਵਾਉਣ ‘ਤੇ ਕੇਂਦਰ ਅਤੇ ਯੂਪੀ ਸਰਕਾਰ ਨੂੰ ਨੋਟਿਸ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੁਲਾਈ 14

ਕੋਰੋਨਾ ਮਹਾਮਾਰੀ ਦੀ ਸੰਭਾਵੀ ਤੀਸਰੀ ਲਹਿਰ ਦੌਰਾਨ ਕਾਂਵੜ ਯਾਤਰਾ ਦੀ ਇਜਾਜ਼ਤ ਦੇਣ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਫ਼ੈਸਲੇ ‘ਤੇ ਸੁਪਰੀਮ ਕੋਰਟ ਨੇ ਸਵੈ-ਨੋਟਿਸ ਲਿਆ ਹੈ। ਜਸਟਿਸ ਰੋਹਿੰਟਨ ਐੱਫ ਨਰੀਮਨ ਦੀ ਨੁਮਾਇੰਦਗੀ ਵਾਲੀ ਬੈਂਚ ਨੇ ਕੇਂਦਰ ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਕਰੇਗਾ। ਕਾਂਵੜ ਯਾਤਰਾ 25 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਵਿਚ ਉੱਤਰੀ ਸੂਬਿਆਂ ਤੋਂ ਸ਼ਿਵ ਭਗਤ ਆਪਣੇ ਇਲਾਕਿਆਂ ਦੇ ਸ਼ਿਵ ਮੰਦਰਾਂ ‘ਚ ਚੜ੍ਹਾਉਣ ਲਈ ਉੱਤਰਾਖੰਡ ਦੇ ਹਰਿਦੁਆਰ ‘ਚ ਗੰਗਾ ਨਦੀ ‘ਚੋਂ ਜਲ ਇਕੱਤਰ ਕਰਨ ਲਈ ਪੈਦਲ ਜਾਂ ਹੋਰ ਸਾਧਨਾਂ ਰਾਹੀਂ ਯਾਤਰਾ ਕਰਦੇ ਹਨ।

ਉੱਤਰਾਖੰਡ ਸਰਕਾਰ ਵੱਲੋਂ ਇਸ ਸਾਲ ਕਾਂਵੜ ਯਾਤਰਾ ਰੱਦ ਕਰਨ ਦੇ ਬਾਵਜੂਦ ਯੂਪੀ ਨੇ ਇਸ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਉੱਤਰਾਖੰਡ ਸਰਕਾਰ ਨੇ ਸੂਬੇ ‘ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੀ ਪੁਸ਼ਟੀ ਹੋਣ ਤੇ ਇਨਫੈਕਸ਼ਨ ਦੀ ਤੀਸਰੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਕਾਂਵੜ ਯਾਤਰਾ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਹਰਿਦੁਆਰ ਨੂੰ ਕੋਰੋਨਾ ਮਹਾਮਾਰੀ ਦਾ ਕੇਂਦਰ ਨਹੀਂ ਬਣਾਇਆ ਜਾ ਸਕਦਾ।