ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਧਰਨਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 22

ਪੰਜਾਬ ਯੂਨੀਵਰਸਿਟੀ ਵਿੱਚ ਪ੍ਰਸ਼ਾਸਕੀ ਸੁਧਾਰਾਂ ਬਾਰੇ ਉੱਚ ਪੱਧਰੀ ਕਮੇਟੀ ਵੱਲੋਂ ਭੇਜੀ ਗਈ ਰਿਪੋਰਟ ਨੂੰ ਤੁਰੰਤ ਵਾਪਿਸ ਲੈਣ ਅਤੇ ’ਵਰਸਿਟੀ ਵਿੱਚ ਸੈਨੇਟ ਤੇ ਸਿੰਡੀਕੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਵਾਈਸ ਚਾਂਸਲਰ ਦਫ਼ਤਰ ਅੱਗੇ ਵਿਦਿਆਰਥੀ ਜਥੇਬੰਦੀ ਐਸ.ਓ.ਆਈ. ਵੱਲੋਂ ਐੱਸ.ਐੱਫ.ਐੱਸ., ਪੀ.ਐੱਸ.ਯੂ. (ਲਲਕਾਰ) ਆਦਿ ਜਥੇਬੰਦੀਆਂ ਦੇ ਸਹਿਯੋਗ ਨਾਲ ਦਿਨ ਰਾਤ ਦਾ ਲਗਾਤਾਰ ਦਿੱਤਾ ਜਾ ਰਿਹਾ ਧਰਨਾ ਸੈਨੇਟ ਚੋਣਾਂ ਸਬੰਧੀ ਸ਼ਡਿਊਲ ਜਾਰੀ ਹੋਣ ਉਪਰੰਤ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਓ.ਆਈ. ਆਗੂ ਮਨਜੋਧ ਸਿੰਘ ਪੱਡਾ, ਪੀ.ਐੱਸ.ਯੂ. (ਲਲਕਾਰ) ਤੋਂ ਅਮਨ ਅਤੇ ਐੱਸ.ਐੱਫ.ਐੱਸ. ਆਗੂਆਂ ਨੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਬਣਾਈ ਗਈ ਉੱਚ ਪੱਧਰੀ ਕਮੇਟੀ ਨੂੰ ਖੂਬ ਨਿਦਿਆ ਅਤੇ ਕਿਹਾ ਕਿ ਪੀ.ਯੂ. ਵਿੱਚ ਜਾਣਬੁੱਝ ਕੇ ਸੈਨੇਟ ਚੋਣਾਂ ਹੁਣ ਤੱਕ ਲਮਕਾਈਆਂ ਗਈਆਂ ਹਨ। ਇੱਥੇ ਆਰ.ਐੱਸ.ਐੱਸ.-ਭਾਜਪਾ ਦੇ ਏਜੰਡੇ ਲਾਗੂ ਕੀਤੇ ਜਾ ਰਹੇ ਹਨ ਅਤੇ ਪੀ.ਯੂ. ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਜੋ ਕਿ ਪੀ.ਯੂ. ਦੇ ਲੋਕਤੰਤਰਿਕ ਢਾਂਚੇ ਲਈ ਖ਼ਤਰੇ ਦੀ ਘੰਟੀ ਹੈ ਅਤੇ ਵਾਈਸ ਚਾਂਸਲਰ ਦੀ ਕਥਿਤ ਤਾਨਾਸ਼ਾਹੀ ਵੱਲ ਕਦਮ ਹੈ।

ਉਨ੍ਹਾਂ ਮੰਗ ਕੀਤੀ ਕਿ ਪੀ.ਯੂ. ਵਿੱਚ ਲੋਕਤੰਤਰਿਕ ਢਾਂਚਾ ਬਹਾਲ ਕਰਨ ਲਈ ਸੈਨੇਟ ਦੀਆਂ ਚੋਣਾਂ ਨਿਰਪੱਖ ਅਤੇ ਪਾਰਦਰਸ਼ਤਾ ਢੰਗ ਨਾਲ ਮਿਥੇ ਗਏ ਸਮੇਂ ਅਤੇ ਸ਼ਡਿਊਲ ਮੁਤਾਬਕ ਹਰ ਹਾਲਤ ਵਿੱਚ ਹੋਣੀਆਂ ਚਾਹੀਦੀਆਂ ਹਨ। ਐੱਸ.ਐੱਫ.ਐੱਸ. ਆਗੂਆਂ ਨੇ ਮੰਗ ਕੀਤੀ ਕਿ ਸੈਨੇਟ ਬਾਡੀ ਵਿੱਚ ਵਿਦਿਆਰਥੀ ਕਾਉਂਸਿਲ ਦੇ ਪ੍ਰਤੀਨਿਧੀਆਂ ਲਈ ਅਤੇ ਇਸ ਤੋਂ ਇਲਾਵਾ ਅਨੁਸੂਚਿਤ ਜਾਤੀ (ਐਸ.ਸੀ.), ਪਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਨੂੰ ਵੀ ਸੈਨੇਟ ਅਤੇ ਸਿੰਡੀਕੇਟ ਬਾਡੀਜ਼ ਵਿੱਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਪੀ.ਯੂ. ਅਥਾਰਿਟੀ ਨੇ ਸਿਰਫ਼ ਸੈਨੇਟ ਚੋਣਾਂ ਕਰਵਾਉਣ ਦੀ ਹੀ ਮੰਗ ਮੰਨੀ ਹੈ ਜਦਕਿ ਹੋਰ ਬਾਕੀ ਮੰਗਾਂ ਮੰਨੀਆਂ ਜਾਣੀਆਂ ਹਾਲੇ ਬਾਕੀ ਹਨ। ਜੇਕਰ ਅਥਾਰਿਟੀ ਨੇ ਬਾਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।

More from this section