ਖੇਡ

ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਫਿੱਟ ਇੰਡੀਆ ਮੋਬਾਇਲ ਐਪ ਦਾ ਆਰੰਭ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 30

ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਫਿੱਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਮਨਾਉਣ ਸਬੰਧੀ ਕੇਂਦਰੀ ਯੂਥ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨਵੀਂ ਦਿੱਲੀ ਵਿਖੇ ਫਿੱਟ ਇੰਡੀਆ ਮੋਬਾਇਲ ਐਪ ਦਾ ਸ਼ੁੱਭ ਆਰੰਭ ਕੀਤਾ। ਇਸ ਪ੍ਰੋਗਰਾਮ ’ਚ ਯੂਥ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਵੀ ਸ਼ਾਮਲ ਹੋਏ। ਇਸ ਮੌਕੇ ’ਤੇ ਖੇਡ ਸਕੱਤਰ ਰਵੀ ਮਿੱਤਲ ਅਤੇ ਯੂਥ ਕਾਰਜ ਸਕੱਤਰ ਊਸ਼ਾ ਸ਼ਰਮਾ ਵੀ ਮੌਜੂਦ ਸਨ। ਫਿੱਟ ਇੰਡੀਆ ਐਪ ਦੇ ਸ਼ੁੱਭ ਆਰੰਭ ਬਾਰੇ ਪ੍ਰੋਗਰਾਮ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਸਟੇਡੀਅਮ ’ਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ। ਨਿਸਿਥ ਪ੍ਰਮਾਣਿਕ ਨੇ ਵੀ ਸਤਿਕਾਰ ਪ੍ਰਗਟ ਕੀਤਾ।

ਮੰਤਰੀਆਂ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗਰਾਮ ਸਿੰਘ, ਪੱਤਰਕਾਰ ਅਯਾਜ ਮੇਮਨ, ਪਾਇਲਟ ਕੈਪਟਨ ਐਨੀ ਦਿਵਿਆ, ਇਕ ਸਕੂਲੀ ਵਿਦਿਆਰਥਣ ਤੇ ਇਕ ਘਰੇਲੂ ਔਰਤ ਨਾਲ ਵਰਚੁਅਲ ਗੱਲਬਾਤ ਕੀਤੀ। ਘਰੇਲੂ ਔਰਤ ਨੇ ਲਾਂਚ ਪਿੱਛੋਂ ਫਿੱਟ ਇੰਡੀਆ ਐਪ ਦੀ ਵਰਤੋਂ ਕਰ ਕੇ ਵੀ ਵਿਖਾਈ। ਫਿੱਟ ਇੰਡੀਆ ਐਂਡ੍ਰਾਇਡ ਅਤੇ ਆਈ. ਓ. ਐੱਸ. ਦੋਹਾਂ ਪਲੇਟਫਾਰਮਾਂ ’ਤੇ ਅੰਗਰੇਜ਼ੀ ਤੇ ਹਿੰਦੀ ’ਚ ਉਪਲੱਬਧ ਹੈ।

ਫਿੱਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਦੇ ਨਾਲ-ਨਾਲ ਰਾਸ਼ਟਰੀ ਖੇਡ ਦਿਵਸ ’ਤੇ ਸਭ ਨੂੰ ਵਧਾਈ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਫਿੱਟ ਇੰਡੀਆ ਮੋਬਾਇਲ ਐਪ ਹਰ ਭਾਰਤੀ ਨੂੰ ਇਕ ਮੋਬਾਇਲ ਦੇ ਸਹਾਰੇ ਫਿੱਟਨੈੱਸ ਪੱਧਰ ਦੀ ਜਾਂਚ ਕਰਨ ਦੀ ਸਹੂਲਤ ਦਿੰਦੀ ਹੈ। ਇਸ ਐਪ ’ਚ ਫਿੱਟਨੈੱਸ ਸਕੋਰ, ਐਨੀਮੇਟਿਡ ਵੀਡੀਓ, ਸਰਗਰਮੀਆਂ ਬਾਰੇ ਟਰੈਕਰਜ਼ ਅਤੇ ਨਿੱਜੀ ਪ੍ਰਮੁੱਖ ਲੋੜਾਂ ਨੂੰ ਪੂਰਾ ਕਰਨ ਵਾਲੀ ‘ਮੇਰੀ ਯੋਜਨਾ’ ਵਰਗੀਆਂ ਕੁਝ ਅਨੋਖੀਆਂ ਖੂਬੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਉਮਰ ਵਰਗ ਮੁਤਾਬਕ ਫਿੱਟਨੈੱਸ ਪ੍ਰੋਟੋਕੋਲ ਲਾਂਚ ਕੀਤੇ ਸਨ। ਇਹ ਪ੍ਰੋਟੋਕੋਲ ਡਬਲਿਊ. ਐੱਚ. ਓ. ਵਲੋਂ ਪ੍ਰਮਾਣਿਤ ਹਨ ਅਤੇ ਕੌਮਾਂਤਰੀ ਪੱਧਰ ਦੇ ਪੈਮਾਨਿਆਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ 29 ਅਗਸਤ 2019 ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ਫਿੱਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਗਈ ਸੀ ਜਿਸ ਦਾ ਮੰਤਵ ਫਿੱਟਨੈੱਸ ਨੂੰ ਹਰ ਭਾਰਤੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਮੈਂ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਫਿੱਟ ਇੰਡੀਆ ਮੂਵਮੈਂਟ ’ਚ ਸ਼ਾਮਲ ਹੋ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਫਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਕ ਸਿਹਤਮੰਦ, ਫਿੱਟ ਭਾਰਤ ਉਹ ਨਵਾਂ ਭਾਰਤ ਹੈ ਜਿਸ ਦੀ ਅਸੀਂ ਆਪਣੇ ਨਾਗਰਿਕਾਂ ਲਈ ਕਲਪਨਾ ਕਰਦੇ ਹਾਂ। ਫਿੱਟ ਇੰਡੀਆ ਮੋਬਾਇਲ ਐਪ 135 ਕਰੋੜ ਭਾਰਤੀਆਂ ਲਈ ਲਾਂਚ ਕੀਤੀ ਗਈ ਦੇਸ਼ ਦੀ ਸਭ ਤੋਂ ਵਿਆਪਕ ਫਿੱਟਨੈੱਸ ਐਪ ਹੈ।