ਪੰਜਾਬ

ਵੋਟਰ ਸੂਚੀ ਵਿੱਚ ਰਜਿਸਟਰੇਸ਼ਨ ਅਤੇ ਵੇਰਵਿਆਂ ਵਿੱਚ ਸੋਧ ਲਈ ਵਿਸ਼ੇਸ਼ ਮੁਹਿੰਮ ਸ਼ੁਰੂ : ਜ਼ਿਲ੍ਹਾ ਚੋਣ ਅਫ਼ਸਰ

ਫ਼ੈਕ੍ਟ ਸਮਾਚਾਰ ਸੇਵਾ ਤਰਨ ਤਾਰਨ, ਅਗਸਤ 18

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀ ਦੀ ਸੋਧ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਯੋਗਤਾ ਮਿਤੀ 01ਜਨਵਰੀ, 2022 ਦੇ ਅਧਾਰ ’ਤੇ ਵੋਟਰ ਸੂਚੀ ਵਿੱਚ ਵੇਰਵੇ ਰਜਿਸਟਰ ਕਰਨ, ਹਟਾਉਣ ਅਤੇ ਸੋਧਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਨੂੰ ਸਪੈਸ਼ਲ ਸਮਰੀ ਰਿਵੀਜ਼ਨ ਵਜੋਂ ਜਾਣਿਆ ਜਾਂਦਾ ਹੈ, ਇਸ ਨਾਲ ਨਾਗਰਿਕਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਆਫਲਾਈਨ ਜਾਂ ਆਨਲਾਈਨ ਮਾਧਿਅਮ ਰਾਹੀਂ ਆਪਣੇ ਚੋਣ ਵੇਰਵਿਆਂ ਦੀ ਤਸਦੀਕ ਕਰਨ ਦਾ ਮੌਕਾ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਇਹ ਮੁਹਿੰਮ ਜ਼ਿਲ੍ਹਾ ਤਰਨ ਤਾਰਨ ਵਿੱਚ ਹਲਕਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਵਿਆਪਕ ਰੂਪ ਵਿੱਚ ਚਲਾਈ ਜਾ ਰਹੀ ਹੈ। ਬੂਥ ਲੈਵਲ ਅਫ਼ਸਰਾਂ (ਬੀ. ਐਲ. ਓਜ) ਵੱਲੋਂ 31 ਅਕਤੂਬਰ, 2021 ਤੱਕ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ ਅਤੇ ਮੌਜੂਦਾ ਪਾੜੇ ਨੂੰ ਦੂਰ ਕੀਤਾ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਸੁਧਾਰ ਲਿਆਉਣ ਅਤੇ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਸਾਰੇ ਸੂਬਿਆਂ/ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚ ਹਰ ਸਾਲ ਦੇ ਅੰਤ ਵਿੱਚ ਸਪੈਸ਼ਲ ਸਮਰੀ ਰਿਵੀਜ਼ਨ ਕੀਤੀ ਜਾਂਦੀ ਹੈ। ਉਹ ਲੋਕ ਜੋ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਨਹੀਂ ਕਰਾ ਸਕੇ ਅਤੇ ਜਿਹੜੇ ਵੋਟਰਾਂ ਨੂੰ ਵੋਟਰ ਸੂਚੀਆਂ ਵਿੱਚ ਗਲਤੀਆਂ ਮਿਲਦੀਆਂ ਹਨ ਜਾਂ ਜਿਹੜੇ ਵੋਟਰ ਕਿਸੇ ਹੋਰ ਹਲਕੇ ਵਿੱਚ ਚਲੇ ਗਏ ਹਨ, ਉਹ 01 ਜਨਵਰੀ, 2022 ਸਪੈਸ਼ਲ ਸਮਰੀ ਰਿਵੀਜ਼ਨ ਦੀ ਵਰਤੋਂ ਕਰ ਸਕਦੇ ਹਨ, ਜਿਨਾਂ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਜਾਂ ਜੋ ਮਿਤੀ 01 ਜਨਵਰੀ, 2022 ਤੋਂ ਪਹਿਲਾਂ 18 ਸਾਲ ਦੇ ਹੋ ਜਾਣਗੇ।

ਉਹਨਾਂ ਕਿਹਾ ਕਿ ਜਨਸੰਖਿਆ ਰਜਿਸਟਰ ਅਨੁਸੂਚੀ ਵਿੱਚ ਇੰਦਰਾਜਾਂ (ਡੀ. ਐਸ. ਈਜ਼), ਮਲਟੀਪਲ ਐਂਟਰੀਆਂ ਅਤੇ ਤਰਕਸੰਗਤ ਗਲਤੀ ਨੂੰ ਹਟਾਉਣ ਦੀ ਪ੍ਰਕਿਰਿਆ 09 ਅਗਸਤ, 2021 ਤੋਂ 31 ਅਕਤੂਬਰ, 2021 ਵਿਚਕਾਰ ਹੋਵੇਗੀ। ਇਸ ਉਪਰੰਤ 01 ਨਵੰਬਰ, 2021 ਨੂੰ ਡਰਾਫਟ ਪ੍ਰਕਾਸ਼ਤ ਕੀਤਾ ਜਾਵੇਗਾ। ਦਾਅਵਿਆਂ ਅਤੇ ਇਤਰਾਜਾਂ ਦੀ ਮਿਆਦ 01 ਨਵੰਬਰ, 2021 ਤੋਂ 30 ਨਵੰਬਰ, 2021 ਵਿਚਕਾਰ ਰੱਖੀ ਗਈ ਹੈ। ਸਾਰੇ ਪੋਲਿੰਗ ਸਟੇਸ਼ਨਾਂ ’ਤੇ 06 ਤੇ 07 ਨਵੰਬਰ, 2021 ਅਤੇ 20 ਤੇ 21 ਨਵੰਬਰ, 2021 ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨਾਗਰਿਕ ਅਧਿਕਾਰਤ ਦਸਤਾਵੇਜਾਂ-ਆਧਾਰ ਕਾਰਡ, ਸਥਾਈ ਖਾਤਾ ਨੰਬਰ (ਪੈਨ) ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਕਿਸੇ ਮਾਨਤਾ ਪ੍ਰਾਪਤ ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ ਦੀ ਇੱਕ ਕਾਪੀ, ਸੇਵਾਮੁਕਤ ਕਰਮਚਾਰੀ ਦਾ ਫੋਟੋ ਵਾਲਾ ਪੈਨਸ਼ਨ ਦਸਤਾਵੇਜ, ਕੇਂਦਰ/ਰਾਜ ਸਰਕਾਰ ਦੁਆਰਾ ਜਾਰੀ ਕੀਤਾ ਸਰਵਿਸ ਪਛਾਣ ਪੱਤਰ, ਮਨਰੇਗਾ ਜਾਬ ਕਾਰਡ, ਕਿਰਤ ਤੇ ਰੁਜਗਾਰ ਮੰਤਰਾਲੇ ਦੁਆਰਾ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਚੋਣ ਮਸੀਨਰੀ ਜਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਵਾਨਤ ਕੋਈ ਫੋਟੋ ਵੋਟਰ ਪਰਚੀ ਜਮ੍ਹਾਂ ਕਰਵਾ ਕੇ ਆਪਣੇ ਵੇਰਵੇ ਪ੍ਰਮਾਣਿਤ ਕਰਵਾ ਸਕਦੇ ਹਨ ਅਤੇ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

More from this section