Featured  /  ਵਿਦੇਸ਼

ਯੂਕੇ ਦੇ ਪਲਿਮਥ ‘ਚ ਗੋਲੀਬਾਰੀ ਦੌਰਾਨ ਹਮਲਾਵਰ ਸਮੇਤ 6 ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਗਲਾਸਗੋ , ਅਗਸਤ 13

ਯੂਕੇ ਦੇ ਪਲਿਮਥ ਸ਼ਹਿਰ ’ਚ ਗੋਲੀਬਾਰੀ ਦੀ ਇਕ ਦਰਦਨਾਕ ਘਟਨਾ ਵਾਪਰੀ ਹੈ। ਜਿਸ ਵਿਚ ਪੰਜ ਨਿਵਾਸੀਆਂ ਦੀ ਮੌਤ ਹੋ ਜਾਣ ਦੇ ਨਾਲ-ਨਾਲ ਸ਼ੱਕੀ ਹਮਲਾਵਰ ਦੀ ਵੀ ਮੌਤ ਹੋਈ ਹੈ। ਸ਼ਹਿਰ ਦੇ ਕੀਹੈਮ ਇਲਾਕੇ ’ਚ ਹੋਈ ਗੋਲੀਬਾਰੀ ’ਚ ਮਾਰੇ ਗਏ ਲੋਕਾਂ ’ਚ ਇਕ 10 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਦੇ ਹੋਣ ਦੀ ਵੀ ਖਬਰ ਹੈ।

ਇਸ ਘਟਨਾ ਦੇ ਸਬੰਧ ’ਚ ਡੇਵੋਨ ਅਤੇ ਕੌਰਨਵਾਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਉੱਤਰ ’ਚ ਬਿਡਿਕ ਡਰਾਈਵ ਵਿਚ ਘਟਨਾ ਵਾਲੀ ਥਾਂ ‘ਤੇ ਦੋ ਮਹਿਲਾਵਾਂ ਅਤੇ ਦੋ ਪੁਰਸ਼ ਮ੍ਰਿਤਕ ਪਾਏ ਗਏ। ਇਸ ਤੋਂ ਇਲਾਵਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਇਲਾਜ ਅਧੀਨ ਇਕ ਹੋਰ ਮਹਿਲਾ ਦੀ ਕੁਝ ਦੇਰ ਬਾਅਦ ਹਸਪਤਾਲ ’ਚ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਇਕ ਛੇਵਾਂ ਵਿਅਕਤੀ ਵੀ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ, ਜਿਸਨੂੰ ਸ਼ੱਕੀ ਬੰਦੂਕਧਾਰੀ ਮੰਨਿਆ ਜਾ ਰਿਹਾ ਹੈ। ਇਸ ਗੋਲੀਬਾਰੀ ਦੇ ਕੁਝ ਗਵਾਹਾਂ ਨੇ ਦੱਸਿਆ ਕਿ ਇਕ ਬੰਦੂਕਧਾਰੀ ਵਿਅਕਤੀ ਇਕ ਘਰ ’ਚੋਂ ਬਾਹਰ ਆਇਆ ਅਤੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਫਿਰ ਉਹ ਭੱਜਦੇ ਹੋਏ ਲੀਨੀਅਰ ਪਾਰਕ ’ਚ ਕੁਝ ਲੋਕਾਂ ‘ਤੇ ਗੋਲੀਆਂ ਚਲਾਉਣ ਲਈ ਅੱਗੇ ਵਧਿਆ। ਪੁਲਿਸ ਵਲੋਂ ਇਸ ਹਮਲੇ ਨੂੰ ਅੱਤਵਾਦ ਸਬੰਧਿਤ ਨਹੀਂ ਮੰਨਿਆ ਗਿਆ। ਗੋਲੀਬਾਰੀ ਦੀ ਘਟਨਾ ਉਪਰੰਤ ਐਂਬੂਲੈਂਸਾਂ, ਏਅਰ ਐਂਬੂਲੈਂਸਾਂ, ਡਾਕਟਰਾਂ ਅਤੇ ਸੀਨੀਅਰ ਪੈਰਾ ਮੈਡੀਕਲ ਟੀਮਾਂ ਨੇ ਘਟਨਾ ਸਥਾਨ ‘ਤੇ ਪਹੁੰਚ ਕਰਕੇ ਸਹਾਇਤਾ ਕਾਰਜ ਆਰੰਭ ਦਿੱਤੇ ਸਨ।