ਧਰਮ ਤੇ ਵਿਰਸਾ

ਕਸ਼ਮੀਰ ’ਚ 26 ਸਾਲਾਂ ਬਾਅਦ ਖੁੱਲ੍ਹਿਆ ਸ਼ੀਤਲਨਾਥ ਮੰਦਰ

ਫ਼ੈਕ੍ਟ ਸਮਾਚਾਰ ਸੇਵਾ ਜੰਮੂ , ਸਤੰਬਰ 1

ਜੰਮੂ ਕਸ਼ਮੀਰ ’ਚ ਰਾਜਧਾਨੀ ਸ਼੍ਰੀਨਗਰ ’ਚ ਵੱਖਵਾਦੀਆਂ ਅਤੇ ਅੱਤਵਾਦੀਆਂ ਵਲੋਂ 26 ਸਾਲ ਪਹਿਲਾਂ ਨੁਕਸਾਨੇ ਗਏ ਬੇਹੱਦ ਪ੍ਰਾਚੀਨ ਅਤੇ ਇਤਿਹਾਸਕ ਸ਼ੀਤਲਨਾਥ ਮੰਦਰ ਨੂੰ ਪਹਿਲੀ ਵਾਰ ਖੋਲ੍ਹਿਆ ਗਿਆ ਅਤੇ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ 2 ਦਿਨਾ ਯਾਤਰਾ ’ਤੇ ਆਏ ਕੇਂਦਰੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਇਸ 700 ਸਾਲਾਂ ਤੋਂ ਵੱਧ ਪੁਰਾਣੇ ਮੰਦਰ ਬਾਰੇ ਪੁੱਛ-ਗਿੱਛ ਕੀਤੀ ਅਤੇ 26 ਸਾਲਾਂ ਤੋਂ ਬੰਦ ਪਏ ਮੰਦਰ ਨੂੰ ਖੁੱਲ੍ਹਵਾਇਆ। ਪ੍ਰਸ਼ਾਸਨ ਵਲੋਂ ਭਗਵਾਨ ਸ਼ਿਵ ਨੂੰ ਸਮਰਪਿਤ ਇਸ ਮੰਦਰ ਦੀ ਸਾਫ਼-ਸਫ਼ਾਈ ਕਰਵਾਈ ਗਈ ਅਤੇ ਫਿਰ ਪ੍ਰਹਿਲਾਦ ਸਿੰਘ ਪਟੇਲ ਨੇ ਇੱਥੇ ਆ ਕੇ ਭਗਵਾਨ ਦੇ ਦਰਸ਼ਨ ਕੀਤੇ ਅਤੇ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ।

ਸਾਲ 1995 ’ਚ ਚਰਾਰੇ ਸ਼ਰੀਫ਼ ਦੀ ਦਰਗਾਹ ’ਚ ਅੱਗ ਲੱਗਣ ਤੋਂ ਬਾਅਦ ਕਸ਼ਮੀਰੀ ਵੱਖਵਾਦੀਆਂ ਅਤੇ ਅੱਤਵਾਦੀਆਂ ਨੇ ਕਸ਼ਮੀਰ ਘਾਟੀ ਦੇ ਸੈਂਕੜੇ ਮੰਦਰਾਂ ’ਤੇ ਹਮਲੇ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਕਈਆਂ ਨੂੰ ਸਾੜ ਦਿੱਤਾ ਸੀ।