ਫਿਲਮਾਂ ਵਿੱਚ ਸ਼ੁਰੂਆਤ ਕਰਨ ਲਈ ਤਿਆਰ ਹੈ ਸ਼ਸ਼ੀ ਕਪੂਰ ਦਾ ਪੋਤਾ ਜ਼ਹਾਨ ਕਪੂਰ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 6

ਬਾਲੀਵੁੱਡ ਦੇ ਉੱਘੇ ਕਪੂਰ ਪਰਿਵਾਰ ਦਾ ਇੱਕ ਹੋਰ ਮੈਂਬਰ ਜ਼ਹਾਨ ਕਪੂਰ ਹਿੰਦੀ ਫਿਲਮਾਂ ਵਿੱਚ ਸ਼ੁਰੂਆਤ ਕਰਨ ਲਈ ਤਿਆਰ ਹੈ। ਮਰਹੂਮ ਅਦਾਕਾਰ ਸ਼ਸ਼ੀ ਕਪੂਰ ਦਾ ਪੋਤਰਾ ਜ਼ਹਾਨ, ਹੰਸਲ ਮਹਿਤਾ ਦੇ ਨਿਰਦੇਸ਼ਨ ਵਾਲੀ ਫਿਲਮ ‘ਫਰਾਜ਼’ ਵਿੱਚ ਨਜ਼ਰ ਆਵੇਗਾ।

ਜ਼ਹਾਨ, ਅਦਾਕਾਰ ਕੁਣਾਲ ਕਪੂਰ ਤੇ ਸ਼ੀਨਾ ਸਿੱਪੀ ਦਾ ਪੁੱਤਰ ਹੈ, ਜੋ ਫਿਲਮਸਾਜ਼ ਰਮੇਸ਼ ਸਿੱਪੀ ਦੀ ਧੀ ਹੈ। ਅਨੁਭਵ ਸਿਨਹਾ ਪ੍ਰੋਡਕਸ਼ਨ ਤੇ ਭੂਸ਼ਨ ਕੁਮਾਰ ਵੱਲੋਂ ਸਾਂਝੇ ਤੌਰ ’ਤੇ ਬਣਾਈ ਗਈ ਫਿਲਮ ‘ਫਰਾਜ਼’ ਐਕਸ਼ਨ ਥ੍ਰਿੱਲਰ ਫਿਲਮ ਹੈ, ਜੋ ਹੋਲੇ ਆਰਟਿਸਨ ਕੈਫੇ ’ਤੇ ਹੋਏ ਅਤਿਵਾਦੀ ਹਮਲੇ ਨੂੰ ਦਰਸਾਉਂਦੀ ਹੈ, ਜਿਸ ਨੇ ਜੁਲਾਈ 2016 ਵਿੱਚ ਬੰਗਲਾਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਫਿਲਮ ਵਿੱਚ ਪਹਿਲੀ ਜੁਲਾਈ 2016 ਨੂੰ ਢਾਕਾ ਦੇ ਇਸ ਕੈਫੇ ਨੂੰ ਪੰਜ ਅਤਿਵਾਦੀਆਂ ਵੱਲੋਂ ਤਬਾਹ ਕਰਨ ਤੇ ਕਰੀਬ 50 ਜਣਿਆਂ ਨੂੰ 12 ਘੰਟਿਆਂ ਲਈ ਬੰਧਕ ਬਣਾ ਕੇ ਰੱਖਣ ਦੀਆਂ ਘਟਨਾਵਾਂ ਨੂੰ ਦਰਸਾਇਆ ਗਿਆ ਹੈ।

ਜਿਕਰਯੋਗ ਹੈ ਕਿ ਜ਼ਹਾਨ ਇੱਕ ਸਰਗਰਮ ਥੀਏਟਰ ਅਦਾਕਾਰ ਅਤੇ ਫੋਟੋਗ੍ਰਾਫਰ ਰਿਹਾ ਹੈ। ਉਸ ਨੇ ਪ੍ਰਿਥਵੀ ਥੀਏਟਰ ਵਿੱਚ ਮਕਰੰਦ ਦੇਸ਼ਪਾਂਡੇ ਅਤੇ ਸਵਾਨੰਦ ਕਿਰਕਿਰੇ ਨਾਲ ‘ਪਿਤਾਜੀ ਪਲੀਜ਼’ ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਪ੍ਰਿਥਵੀ ਥੀਏਟਰ ਵਿੱਚ ਕਈ ਪੇਸ਼ਕਾਰੀਆਂ ਦਿੱਤੀਆਂ ਹਨ, ਜੋ ਉਸ ਦੇ ਦਾਦਾ-ਦਾਦੀ ਸ਼ਸ਼ੀ ਕਪੂਰ ਅਤੇ ਜੈਨੀਫਰ ਕਪੂਰ ਨੇ ਉਸ ਦੇ ਪੜਦਾਦਾ ਪ੍ਰਿਥਵੀਰਾਜ ਕਪੂਰ ਦੀ ਯਾਦ ਵਿੱਚ ਬਣਾਇਆ ਸੀ। ਜ਼ਹਾਨ ਕੋਲ ‘ਸਿਧਾਰਥ’, ‘ਜਨੂੰਨ’, ‘ਆਹਿਸਤਾ ਆਹਿਸਤਾ’, ‘ਸਿੰਘ ਇਜ਼ ਬਲਿੰਗ’ ਅਤੇ ‘ਪਾਣੀਪਤ’ ਵਰਗੀਆਂ ਕਈ ਫਿਲਮਾਂ ਹਨ।

     

More from this section