ਪੀਯੂ ਸੈਨੇਟ ਚੋਣਾਂ ਤਹਿਤ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਮੁਲਤਵੀ ਕਰਨ ’ਤੇ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਵਿੱਚ ਰੋਸ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 15

ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣ ਪ੍ਰਕਿਰਿਆ ਦੇ ਮੱਦੇਨਜ਼ਰ ਅਥਾਰਿਟੀ ਵੱਲੋਂ 18 ਅਗਸਤ ਨੂੰ ਕਰਵਾਈ ਜਾਣ ਵਾਲੀ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਮੁਲਤਵੀ ਕੀਤੇ ਜਾਣ ਤੋਂ ਬਾਅਦ ਉਮੀਦਵਾਰ ਸਮੇਤ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੇ ਵਾਈਸ ਚਾਂਸਲਰ ’ਤੇ ਚੋਣਾਂ ਵਿੱਚ ਜਾਣ-ਬੁੱਝ ਕੇ ਅੜਿੱਕੇ ਡਾਹੁਣ ਦੇ ਦੋਸ਼ ਲਗਾਉਂਦਿਆਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਅਥਾਰਿਟੀ ਅਤੇ ਵੀ.ਸੀ. ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਕਤ ਚੋਣ ਕਰਵਾਉਣ ਦੀ ਮੰਗ ਕੀਤੀ। ਪ੍ਰਦਰਸ਼ਨ ਵਿੱਚ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਐੱਨਐੱਸਯੂਆਈ ਤੋਂ ਅਨਮੋਲ ਅਤੇ ਮਨੀਸ਼ਵਰ, ਪੀਐੱਸਯੂ (ਲਲਕਾਰ) ਤੋਂ ਅਮਨ, ਐੱਸਓਆਈ, ਸੱਥ ਤੋਂ ਚਰਨਜੀਤ ਸਿੰਘ, ਐੱਸਐੱਫਐੱਸ ਤੋਂ ਵਰਿੰਦਰ ਅਤੇ ਪੰਜਾਬ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ ਤੋਂ ਪ੍ਰਿਯਾ ਸਮੇਤ ਸੋਪੂ ਤੇ ਐੱਸਓਆਈ ਤੋਂ ਵੀ ਵਿਦਿਆਰਥੀ ਆਗੂਆਂ ਨੇ ਸ਼ਿਰਕਤ ਕੀਤੀ। ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪ੍ਰਧਾਨ ਮ੍ਰਿਤੁੰਜਯ ਕੁਮਾਰ ਨੇ ਕਿਹਾ ਕਿ ਵਾਈਸ ਚਾਂਸਲਰ ਦੇ ਘਟੀਆ ਤੇ ਨਾਂਪੱਖੀ ਵਤੀਰੇ ਕਰਕੇ ਐਸੋਸੀਏਸ਼ਨ ਨੂੰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਈ ਵੀ ਕਾਫ਼ੀ ਸੰਘਰਸ਼ ਕਰਨੇ ਪੈ ਰਹੇ ਹਨ। ਦੋ ਵਾਰ ਸੈਨੇਟਰ ਰਹੇ ਪ੍ਰੋ. ਨਵਦੀਪ ਗੋਇਲ, ਸਾਬਕਾ ਸੈਨੇਟਰ ਤੇ ਐਡਵੋਕੇਟ ਡੀ.ਪੀ.ਐੱਸ. ਰੰਧਾਵਾ, ਪ੍ਰੋ. ਰੌਣਕੀ ਰਾਮ, ਸਾਬਕਾ ਸੈਨੇਟਰ ਅਸ਼ੋਕ ਗੋਇਲ ਆਦਿ ਨੇ ਕਿਹਾ ਕਿ ਵਾਈਸ ਚਾਂਸਲਰ ਵੱਲੋਂ ਵਿਸ਼ਵ ਪ੍ਰਸਿੱਧ ਇਸ ਵਿਰਾਸਤੀ ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰੀ ਢਾਂਚਾ ਤਹਿਸ-ਨਹਿਸ ਕਰਨ ਲਈ ਲੂੰਬੜ ਚਾਲਾਂ ਚੱਲੀਆਂ ਜਾ ਰਹੀਆਂ ਹਨ। ਰੋਸ ਪ੍ਰਦਰਸ਼ਨ ਨੂੰ ਸੀਨੀਅਰ ਸੈਨੇਟਰ ਅਨੂ ਚਤਰਥ, ਪ੍ਰੋ. ਰਾਬਿੰਦਰਨਾਥ ਸ਼ਰਮਾ ਤੇ ਸੈਨੇਟਰ ਜਿਤੇਂਦਰ ਗਰੋਵਰ ਅਤੇ ਗੈਸਟ ਫੈਕਲਟੀ ਮਨਪ੍ਰੀਤ ਜੱਸ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਤੁਰੰਤ ਕਰਵਾਉਣ ਦੀ ਮੰਗ ਕੀਤੀ। ਪਫਕਟੋ ਦੇ ਜਨਰਲ ਸਕੱਤਰ ਸਾਬਕਾ ਪ੍ਰੋਫ਼ੈਸਰ ਜਗਵੰਤ ਸਿੰਘ, ਸਾਬਕਾ ਸੈਨੇਟਰ ਪ੍ਰਭਜੀਤ ਸਿੰਘ, ਪ੍ਰੋ. ਮਨਜੀਤ ਸਿੰਘ ਅਤੇ ਪਿਆਰੇ ਲਾਲ ਗਰਗ ਨੇ ਦਾਅਵਾ ਕੀਤਾ ਕਿ ਪੰਜਾਬ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦੀ ਨਿੱਜੀ ਜਗੀਰ ਨਹੀਂ ਹੈ ਬਲਕਿ ਪੀ.ਯੂ. ਹਿੱਸੇਦਾਰਾਂ ਦੀ ਹੈ ਅਤੇ ਇੱਥੇ ਭਾਜਪਾ-ਆਰਐੱਸਐੱਸ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਵਿਦਿਆਰਥੀ ਸੰਗਠਨਾਂ ਅਤੇ ਸਾਬਕਾ ਸੈਨੇਟਰਾਂ, ਪ੍ਰੋਫ਼ੈਸਰਾਂ, ਕਾਰਕੁਨਾਂ ਅਤੇ ਹੋਰ ਹਿੱਸੇਦਾਰਾਂ ਨੇ ਸੈਨੇਟ ਨੂੰ ਬਚਾਉਣ ਅਤੇ ਪੰਜਾਬ ਯੂਨੀਵਰਸਿਟੀ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਇੱਕ ਸਾਂਝਾ ਮੋਰਚਾ ਬਣਾਉਣ ਦਾ ਫ਼ੈਸਲਾ ਲਿਆ ਅਤੇ ਕਿਹਾ ਕਿ ਕਿਸਾਨ ਯੂਨੀਅਨਾਂ ਤੇ ਟਰੇਡ ਯੂਨੀਅਨਾਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ। ਇਸੇ ਦੌਰਾਨ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਤੋਂ ਚੋਣ ਲੜ ਰਹੇ ਉਮੀਦਵਾਰ ਰਵਿੰਦਰ ਧਾਲੀਵਾਲ ਨੇ ਵੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ।

More from this section