ਚੰਡੀਗੜ੍ਹ

ਚੰਡੀਗੜ੍ਹ ਵਿਚ ਸੱਤਵੀਂ ਤੇ ਅੱਠਵੀਂ ਜਮਾਤ ਲਈ ਸਕੂਲ ਖੁੱਲ੍ਹੇ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 10

ਯੂਟੀ ਚੰਡੀਗੜ੍ਹ ਦੇ ਸਰਕਾਰੀ ਸਕੂਲ ਅੱਜ ਤੋਂ ਸੱਤਵੀਂ ਤੇ ਅੱਠਵੀਂ ਜਮਾਤ ਲਈ ਖੁੱਲ੍ਹ ਗਏ ਹਨ ਪਰ ਅੱਜ ਦੋਹਾਂ ਜਮਾਤਾਂ ਵਿੱਚ ਕਾਫੀ ਘੱਟ ਗਿਣਤੀ ਵਿੱਚ ਵਿਦਿਆਰਥੀ ਸਕੂਲਾਂ ’ਚ ਪਹੁੰਚੇ। ਮਾਪਿਆਂ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਾਅਦ ਹੀ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਗੇ ਜਦਕਿ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਸਾਰੀਆਂ ਜਮਾਤਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਵਧੇਗੀ।

ਮਿਲੀ ਜਾਣਕਾਰੀ ਅਨੁਸਾਰ ਯੂਟੀ ਦੇ ਸਿੱਖਿਆ ਵਿਭਾਗ ਨੇ ਮਾਪਿਆਂ ਤੋਂ ਬੱਚਿਆਂ ਨੂੰ ਸਕੂਲ ਭੇਜਣ ਲਈ ਸਹਿਮਤੀ ਮੰਗੀ ਸੀ ਤੇ ਸਹਿਮਤੀ ਦੇਣ ਵਾਲੇ ਮਾਪਿਆਂ ਦੇ ਬੱਚੇ ਹੀ ਸਕੂਲ ਆਏ ਸਨ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਸਕੂਲ ਖੋਲ੍ਹਣ ਲਈ ਖਾਕਾ ਤਿਆਰ ਕਰ ਲਿਆ ਗਿਆ ਹੈ। ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਸੱਤਵੀਂ ਜਮਾਤ ’ਚ 13024 ਬੱਚੇ ਪੜ੍ਹਦੇ ਹਨ ਜਿਨ੍ਹਾਂ ਵਿੱਚੋਂ ਸਿਰਫ਼ 1550 ਬੱਚੇ ਹੀ ਸਕੂਲ ਆਏ ਸਨ। ਇਸੇ ਤਰ੍ਹਾਂ ਅੱਠਵੀਂ ਜਮਾਤ ਦੇ 13903 ਬੱਚਿਆਂ ਵਿੱਚੋਂ ਸਿਰਫ਼ 1607 ਬੱਚੇ ਸਕੂਲਾਂ ’ਚ ਪਹੁੰਚੇ ਜਦਕਿ ਬਾਰ੍ਹਵੀਂ ਜਮਾਤ ਦੇ ਕੁੱਲ 12370 ’ਚੋਂ 2351 ਬੱਚਿਆਂ ਨੇ ਸਕੂਲਾਂ ਵਿੱਚ ਹਾਜ਼ਰੀ ਭਰੀ। ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਿਵੇਕ ਹਾਈ ਸਕੂਲ ਸੈਕਟਰ-38 ਦੇ ਚੇਅਰਮੈਨ ਐੱਚ.ਐੱਸ. ਮਾਮਿਕ ਨੇ ਦੱਸਿਆ ਕਿ ਸ਼ਹਿਰ ਦੇ ਮੋਹਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ ਹਾਲ ਦੀ ਘੜੀ ਬੱਚਿਆਂ ਨੂੰ ਸਕੂਲ ਭੇਜਣ ਦੇ ਹੱਕ ਵਿੱਚ ਨਹੀਂ ਹਨ, ਇਸ ਕਰ ਕੇ ਉਹ ਸਕੂਲ ਉਦੋਂ ਤੱਕ ਨਹੀਂ ਖੋਲ੍ਹਣਗੇ ਜਦੋਂ ਤੱਕ ਕਿ 50 ਫੀਸਦੀ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਦੀ ਇਜਾਜ਼ਤ ਨਹੀਂ ਦੇ ਦਿੰਦੇ।

ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਨੌਵੀਂ ਜਮਾਤ ਵਿਚ 14272 ਬੱਚਿਆਂ ’ਚੋਂ 5165 ਬੱਚੇ ਸਕੂਲ ਆਏ ਜਦਕਿ ਦਸਵੀਂ ਜਮਾਤ ਦੇ 13589 ਵਿੱਚੋਂ 5090 ਵਿਦਿਆਰਥੀ ਸਕੂਲ ਆਏ ਤੇ ਇਹ ਗਿਣਤੀ ਕ੍ਰਮਵਾਰ 36.19 ਤੇ 37.46 ਫੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 67158 ਵਿਦਿਆਰਥੀਆਂ ਵਿਚੋਂ ਅੱਜ 15763 ਵਿਦਿਆਰਥੀ ਸਕੂਲ ਆਏ ਤੇ ਗਿਣਤੀ 23.47 ਫੀਸਦ ਬਣਦੀ ਹੈ।