ਰੈੱਡ ਕਰਾਸ ਸ਼ਾਖਾ ਵੱਲੋਂ ਆਕਸੀਜਨ ਕੰਸਟਰੇਟਰ ਮੁਹੱਈਆ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ

ਫ਼ੈਕ੍ਟ ਸਮਾਚਾਰ ਸੇਵਾ ਐਸ.ਏ.ਐਸ. ਨਗਰ, 4 ਅਗਸਤ

ਕੋਵਿਡ-19 ਦੇ ਮਰੀਜ਼ ਜੋ ਘਰਾਂ ਵਿੱਚ ਰਹਿ ਕੇ ਆਪਣਾ ਇਲਾਜ ਕਰ ਰਹੇ ਹਨ, ਦੀ ਮਦਦ ਲਈ ਹੁਣ ਰੈੱਡ ਕਰਾਸ ਸੁਸਾਇਟੀ, ਐਸ.ਏ.ਐਸ. ਨਗਰ ਨੇ ਮਦਦ ਦਾ ਹੱਥ ਵਧਾਇਆ ਹੈ ਅਤੇ ਇਸ ਲਈ ਆਕਸੀਜਨ ਕੰਸਨਟਰੇਟਰ ਬੈਂਕ ਸਥਾਪਤ ਕੀਤਾ ਹੈ।

ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਇਸ ਪੱਖੋਂ ਦੂਜੇ ਜ਼ਿਲ੍ਹਿਆਂ ਤੋਂ ਮੋਹਰੀ ਜ਼ਿਲ੍ਹਾ ਸਾਬਤ ਹੋਇਆ ਹੈ, ਜਿਸ ਨੇ ਕੋਰੋਨਾ ਪੀੜਤਾਂ ਨੂੰ ਸਾਰੀਆਂ ਸੰਭਵ ਸਹੂਲਤਾਂ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਵਿਖੇ ਆਕਸੀਜਨ ਕੰਸਨਟਰੇਟਰ ਬੈਂਕ ਚਲਾਇਆ ਜਾ ਰਿਹਾ ਹੈ। ਇਹ ਸੇਵਾ ਕੋਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਜੋ ਇਲਾਜ ਹੋਣ ਮਗਰੋਂ ਘਰ ਵਿੱਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਲਈ ਹੈ, ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਵੱਲੋਂ ਬਿਨਾਂ ਕਿਸੇ ਕਿਰਾਏ ਉਤੇ ਵਾਪਸ ਮੋੜੇ ਜਾਣ ਦੇ ਆਧਾਰ ਉਤੇ 15 ਦਿਨਾਂ ਕੰਸਨਟਰੇਟਰ ਮੁਹੱਈਆ ਕਰਵਾਏ ਜਾਂਦੇ ਹਨ। ਇਸ ਲਈ ਰੈੱਡ ਕਰਾਸ ਦੇ ਦਫ਼ਤਰ ਵਿਖੇ ਪੰਜ ਹਜ਼ਾਰ ਰੁਪਏ ਦੀ ਮੋੜਨਯੋਗ ਸਕਿਉਰਿਟੀ ਜਮ੍ਹਾਂ ਕਰਵਾਉਣੀ ਪਵੇਗੀ। ਮਰੀਜ਼ ਦੇ ਵਾਰਸ ਨੂੰ ਆਕਸੀਜਨ ਕੰਨਸਟਰੇਟਰ ਲੈਣ ਸਬੰਧੀ ਇਲਾਜ ਮਗਰੋਂ ਡਾਕਟਰ ਦੀ ਪਰਚੀ, ਜਿਸ ਉਤੇ ਕੰਨਸਟਰੇਟਰ ਦੀ ਲੋੜ ਬਾਰੇ ਲਿਖਿਆ ਹੋਵੇ, ਦੇ ਨਾਲ ਨਾਲ ਸਵੈ ਘੋਸ਼ਣਾ ਪੱਤਰ ਦੇਣਾ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਆਕਸੀਜਨ ਕੰਸਟਰੇਟਰ ਲੈਣ ਸਬੰਧੀ ਦਫ਼ਤਰ ਦੇ ਫੋਨ ਨੰਬਰ ਅਤੇ ਸੀਨੀਅਰ ਸਹਾਇਕ, ਰੈੱਡ ਕਰਾਸ ਸ਼ਾਖਾ ਮੋਹਨ ਲਾਲ ਸਿੰਗਲਾ ਦੇ ਮੋਬਾਈਲ ਨੰਬਰ ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੈੱਡ ਕਰਾਸ ਸ਼ਾਖਾ, ਐਸ.ਏ.ਐਸ. ਨਗਰ ਵੱਲੋਂ ਸਿਵਲ ਹਸਪਤਾਲ, ਫ਼ੇਜ਼-6, ਮੁਹਾਲੀ ਵਿਖੇ ਦੋ ਮੈਡੀਕਲ ਆਕਸੀਜਨ ਸਪਲਾਈ ਸਿਸਟਮ ਲਵਾਏ ਗਏ ਹਨ। ਇਨ੍ਹਾਂ ਆਕਸੀਜਨ ਪਲਾਂਟਾਂ ਤੋਂ ਪ੍ਰਤੀ ਮਿੰਟ 90 ਲੀਟਰ ਆਕਸੀਜਨ ਪੈਦਾ ਹੁੰਦੀ ਹੈ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਐਸ.ਏ.ਐਸ. ਨਗਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੈੱਡ ਕਰਾਸ ਸ਼ਾਖਾ ਦੇ ਫੰਡਾਂ ਵਿੱਚ ਵਾਧਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਮੈਂਬਰਾਂ ਤੋਂ ਫੰਡਾਂ ਵਿੱਚ ਵਾਧਾ ਕਰਨ ਸਬੰਧੀ ਸੁਝਾਅ ਵੀ ਲਏ ਗਏ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ-ਕਮ-ਆਨਰੇਰੀ ਸਕੱਤਰ ਤਰਸੇਮ ਚੰਦ ਤੇ ਹੋਰ ਅਧਿਕਾਰੀ ਹਾਜ਼ਰ ਸਨ।

More from this section