ਪੰਜਾਬ

‘ਆਪ’ ਵਿੱਚ ਸ਼ਾਮਲ ਹੋਏ ਰਮਨ ਬਹਿਲ

ਫੈਕਟ ਸਮਾਚਾਰ ਸੇਵਾ ਗੁਰਦਾਸਪੁਰ, ਨਵੰਬਰ 9

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਾਝਾ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ ਦਿੱਤਾ ਹੈ। ਤਿੰਨ ਪੀੜ੍ਹੀਆਂ ਤੋਂ ਕਾਂਗਰਸ ਨਾਲ ਸੰਬੰਧਤ ਬਹਿਲ ਪਰਿਵਾਰ ਦੇ ਮੈਂਬਰ ਅਤੇ ਪੰਜਾਬ ਸੁਬਾਰਡੀਨੇਟਰ ਸਰਵਿਸ ਸਿਲੈਕਸ਼ਨ ਬੋਰਡ (ਪੀ.ਐਸ.ਐਸ.ਐਸ.ਬੀ) ਦੇ ਚੇਅਰਮੈਨ ਰਮਨ ਬਹਿਲ ਪੀ.ਐਸ.ਐਸ.ਐਸ.ਬੀ ਤੋਂ ਅਸਤੀਫ਼ਾ ਦੇ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਰਮਨ ਬਹਿਲ ਪੰਜਾਬ ਦੇ ਸਾਬਕਾ ਮੰਤਰੀ ਖੁਸ਼ਹਾਲ ਬਹਿਲ ਦੇ ਪੁੱਤਰ ਹਨ। ਰਮਨ ਬਹਿਲ ਸਾਲ 2008 ਤੋਂ 2012 ਤੱਕ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਰਹੇ ਅਤੇ ਦੋ ਵਾਰ ਗੁਰਦਾਸਪੁਰ ਮਿਉਂਸੀਪਲ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਕੌਮੀ ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਰਮਨ ਬਹਿਲ ਨੂੰ ਗੁਰਦਾਸਪੁਰ ਵਿੱਚ ਕਰਵਾਏ ਸਮਾਗਮ ਦੌਰਾਨ ‘ਆਪ’ ਵਿੱਚ ਸ਼ਾਮਲ ਕੀਤਾ। ਇਸ ਦੌਰਾਨ ਮੰਚ ’ਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੀਨੀਅਰ ਆਗੂ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਤ ਹੋਰ ਅਹੁਦੇਦਾਰ ਵੀ ਮੌਜ਼ੂਦ ਸਨ। ‘ਆਪ’ ਆਗੂਆਂ ਅਤੇ ਅਹੁਦੇਦਾਰਾਂ ਨੇ ਇਮਾਨਦਾਰ, ਨੇਕਦਿਲ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਣ ਵਾਲੇ ਬਹਿਲ ਪਰਿਵਾਰ ਦੇ ਮੈਂਬਰ ਰਮਨ ਬਹਿਲ ਦਾ ਗਰਮਜੋਸ਼ੀ ਨਾਲ ‘ਆਪ’ ਵਿੱਚ ਸਵਾਗਤ ਕੀਤਾ।

‘ਆਪ ’ ਵਿੱਚ ਸ਼ਾਮਲ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੱਕ ਕਾਂਗਰਸ ਪਾਰਟੀ ਦੇ ਨਾਲ ਰਿਹਾ ਹੈ, ਪਰ ਹੁਣ ਕਾਂਗਰਸ ਪਾਰਟੀ ਵਿੱਚ ਹਰ ਪੱੱਧਰ ’ਤੇ ਭਾਰੀ ਗਿਰਾਵਟ ਆ ਚੁੱਕੀ ਹੈ। ਉਥੇ ਹੀ ‘ਆਪ’ ਦੀ ਨੀਅਤ ਅਤੇ ਨੀਤੀ ਸਮੇਤ ਕੌਮੀ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸਮੇਂ ਦੀ ਮੰਗ ਹੈ। ਰਮਨ ਬਹਿਲ ਨੇ ਕਿਹਾ ਕਿ ‘ਆਪ’ ਵੱਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ਸਮੇਤ ਦਿੱਲੀ ਦੇ ਵਿਕਾਸ ਮਾਡਲ ਤੋਂ ਪ੍ਰਭਾਵਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਬਹਿਲ ਪਰਿਵਾਰ ਨੇ ਪੰਜਾਬ ਲਈ ਹਰ ਮੋਰਚੇ ’ਤੇ ਸਮਾਜਿਕ ਅਤੇ ਰਾਜਨੀਤਿਕ ਯੋਗਦਾਨ ਦਿੱਤਾ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਰਮਨ ਬਹਿਲ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ- ਭਾਜਪਾ ਅਤੇ ਕਾਂਗਰਸ ਦੇ ਸਾਲਾਂਬੱਧੀ ਸ਼ਾਸਨ ਦੇ ਬਾਵਜੂਦ ਅੱਜ ਪੰਜਾਬ ਉਦਾਸ ਹੈ। ਪੁਰਾਣੀ ਖੁਰਾਕ ਖਾਣ ਵਾਲੇ ਬਜ਼ੁਰਗਾਂ ਦੇ ਚਿਹਰੇ ’ਤੇ ਲਾਲੀ ਹੈ, ਪਰ ਅੱਜ ਪੰਜਾਬ ਦੀ ਦੁਰਦਸ਼ਾ ਅਜਿਹੀ ਹੋ ਗਈ ਹੈ ਕਿ 25-30 ਸਾਲਾਂ ਦੇ ਨੌਜਵਾਨਾਂ ਦੀ ਦਾੜੀ ਤੱਕ ਚਿੱਟੀ ਹੋ ਚੁੱਕੀ ਹੈ। ਪੰਜਾਬ ਵਿੱਚ ਕਿਸਾਨੀ ਹਾਸ਼ੀਏ ’ਤੇ ਖੜ੍ਹੀ ਹੈ ਅਤੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਸੰਸਦ ਵਿੱਚ ਪੰਜਾਬ ਦੀ ਕਿਸਾਨੀ ਨੂੰ ਜਿਉਂਦਾ ਕਰਨ ਦੀ ਗੱਲ ਕਰਦੇ ਹਨ ਤਾਂ ਹਸਦੇ- ਵਸਦੇ ਅਤੇ ਖ਼ੁਸ਼ਹਾਲ ਪੰਜਾਬ ਬਾਰੇ ਅਜਿਹਾ ਸੁਣ ਕੇ ਹੋਰਨਾਂ ਰਾਜਾਂ ਦੇ ਆਗੂ ਅਤੇ ਸੰਸਦ ਮੈਂਬਰ ਯਕੀਨ ਨਹੀਂ ਕਰਦੇ। ਪਰ ਜਿਹੜੀ ਅੱਜ ਪੰਜਾਬ ਦੀ ਹਰ ਖੇਤਰ ’ਚ ਦੁਰਦਸ਼ਾ ਹੋਈ ਹੈ , ਉਸ ਲਈ ਦੋਸ਼ੀ ਕੇਵਲ ਕਾਂਗਰਸ ਅਤੇ ਅਕਾਲੀ- ਭਾਜਪਾ ਦੀਆਂ ਸਰਕਾਰਾਂ ਹਨ। ਇਸ ਲਈ ਨਾ ਕੇਵਲ ਪੰਜਾਬ ਦੇ ਲੋਕ ਬਲਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਚੰਗੇ ਲੋਕ ਬਹਿਲ ਪਰਿਵਾਰ ਦੀ ਤਰ੍ਹਾਂ ‘ਆਪ’ ਦਾ ਪੱਲਾ ਫੜ ਰਹੇ ਹਨ।

ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਰਮਨ ਬਹਿਲ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਯਕੀਨ ਹੋ ਗਿਆ ਹੈ ਗੁਰਦਾਸਪੁਰ ਸੀਟ ’ਤੇ ‘ਆਪ’ ਦੀ ਜਿੱਤ ਪੱਕੀ ਹੋ ਗਈ ਹੈ। ਉਨ੍ਹਾਂ ਰਮਨ ਬਹਿਲ ਦੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਮਦ ਨੂੰ ਪਾਰਟੀ ਦੀ ਮਜ਼ਬੂਤੀ ਕਰਾਰ ਦਿੱਤਾ ਹੈ।

‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਾਰਟੀ ਪੰਜਾਬ ਨੂੰ ਚੰਗਾ ਭਵਿੱਖ ਦੇਣ ਦੀ ਰਾਜਨੀਤੀ ਕਰ ਰਹੀ ਹੈ , ਨਾ ਕਿ ਲੋਕਾਂ ਨੂੰ ਲੁੱਟਣ ਦੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ਨੇ ਪੰਜਾਬ ਨੂੰ ਬਰਬਾਦੀ ਦੀ ਕਗਾਰ ’ਤੇ ਖੜ੍ਹਾ ਕਰ ਦਿੱਤਾ ਹੈ। ਇਸ ਕਾਰਨ ਆਪਣੇ ਅਤੇ ਆਪਣੇ ਰਾਜ ਅਤੇ ਦੇਸ਼ ਦੇ ਉਜਵਲ ਭਵਿੱਖ ਲਈ ਲੋਕਾਂ ਕੋਲ ‘ਆਪ’ ਨੂੰ ਜਿਤਾਉਣ ਦਾ ਚੰਗਾ ਮੌਕਾ ਹੈ।