ਪੰਜਾਬ

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਸੀ.ਐਮ.ਸੀ.ਐਚ. ਦੇ 50 ਡਾਕਟਰਾਂ ਨੂੰ ਕੀਤਾ ਸਨਮਾਨਿਤ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ, ਸਤੰਬਰ 30

ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਸੀ.ਐਮ.ਸੀ.ਐਚ. ਦੇ 50 ਡਾਕਟਰਾਂ ਨੂੰ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਉਨ੍ਹਾਂ ਦੀ ਅਟੱਲ ਭਾਵਨਾ ਅਤੇ ਸ਼ਾਨਦਾਰ ਭੂਮਿਕਾ ਲਈ ਸਨਮਾਨਿਤ ਕੀਤਾ।

ਨਿਰਦੇਸ਼ਕ ਡਾ. ਵਿਲੀਅਮ ਭੱਟੀ, ਪ੍ਰਿੰਸੀਪਲ ਡਾ. ਜੈਯਰਾਜ ਦੁਰਾਈ ਪਾਂਡਿਅਨ, ਡਾ. ਅਨਿਲ ਲੁਥਰ, ਗਲੈਡੀਸ ਐਸ. ਕੁਮਾਰ ਦੇ ਨਾਲ, ਸੁਖਵਿੰਦਰ ਬਿੰਦਰਾ ਨੇ ਕਿਹਾ ਕਿ ਪੰਜਾਬ ਯੁਵਕ ਵਿਕਾਸ ਬੋਰਡ ਇਨ੍ਹਾਂ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਜਾਨਲੇਵਾ ਬਿਮਾਰੀ ਦੇ ਵਿਰੁੱਧ ਲੜਾਈ ਦੌਰਾਨ ਉਨ੍ਹਾਂ ਦੇ ਯਤਨਾਂ ਅਤੇ ਦਲੇਰੀ ਦਾ ਲੋਹਾ ਮੰਨਦਾ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਇਨ੍ਹਾਂ ਕੋਰੋਨਾ ਯੋਧਿਆਂ ਦੇ ਮਾਣ-ਸਤਿਕਾਰ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਦਿਖਾਈ ਗਈ ਦ੍ਰਿੜਤਾ ਲੋਕਾਂ ਲਈ ਵੱਡੀ ਮਿਸਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ਘਾਤਕ ਵਾਇਰਸ ਵਿਰੁੱਧ ਇਹ ਲੜਾਈ ਸਭ ਤੋਂ ਮੁਸ਼ਕਲ ਸੀ ਕਿਉਂਕਿ ਦੁਸ਼ਮਣ ਅਦਿੱਖ ਸੀ।

ਉਨ੍ਹਾਂ ਕਿਹਾ ਕਿ ਸਾਰੇ ਡਾਕਟਰਾਂ ਨੇ ਲੜਾਈ ਦੌਰਾਨ ਮਿਸਾਲੀ ਦਲੇਰੀ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਕਈ ਕੀਮਤੀ ਜਾਨਾਂ ਬਚੀਆਂ। ਉਨ੍ਹਾਂ ਦੱਸਿਆ ਕਿ ਇਹ ਕੋਰੋਨਾ ਯੋਧੇ ਅਸਲ ਨਾਇਕ ਅਤੇ ਚੈਂਪੀਅਨ ਹਨ ਜੋ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਭ ਤੋਂ ਅੱਗੇ ਰਹੇ।

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਬੋਰਡ ਦਾ ਫਰਜ਼ ਹੈ ਕਿ ਉਹ ਉਨ੍ਹਾਂ ਸਾਰੇ ਯੋਧਿਆਂ ਦੀਆਂ ਸੇਵਾਵਾਂ ਦੀ ਪਛਾਣ ਕਰੇ ਜਿਨ੍ਹਾਂ ਨੇ ਕੋਰੋਨਾ ਵਾਇਰਸ ‘ਤੇ ਫਤਿਹ ਪਾਉਣ ਵਿੱਚ ਮੋਹਰੀ ਯੋਗਦਾਨ ਪਾਇਆ ਹੈ।