ਪੰਜਾਬ

ਪਰਗਟ ਸਿੰਘ ਨੇ ਸੱਤ ਸਪੋਰਟਸ ਪਾਰਕਾਂ ਦੇ ਨੀਂਹ ਪੱਥਰ ਰੱਖੇ

ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਗ੍ਰਾਂਟਾਂ ਵੀ ਵੰਡੀਆਂ

ਫੈਕਟ ਸਮਾਚਾਰ ਸੇਵਾ ਬੰਬੀਆਂਵਾਲ , ਨਵੰਬਰ 28

ਸੂਬੇ ਭਰ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਛਾਉਣੀ ਹਲਕੇ ਦੇ 7 ਪਿੰਡਾਂ ਵਿੱਚ ਖੇਡ ਪਾਰਕਾਂ ਦੇ ਨੀਂਹ ਪੱਥਰ ਰੱਖੇ ਅਤੇ ਇਸ ਇਲਾਵਾ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਵੱਖ-ਵੱਖ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਵੀ ਵੰਡੇ।

ਸਿੱਖਿਆ ਅਤੇ ਖੇਡ ਮੰਤਰੀ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਅਹਿਮ ਵਿਸ਼ਿਆਂ ਦਾ ਸਮੇਂ ਸਿਰ ਤਾਲਮੇਲ ਸੂਬੇ ਅਤੇ ਦੇਸ਼ ਲਈ ਚੰਗੇ ਨਤੀਜੇ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਇਸ ਦੀ ਤਾਜ਼ਾ ਮਿਸਾਲ ਹੈ, ਜਿਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਇਨ੍ਹਾਂ ਯਤਨਾਂ ਸਦਕਾ ਭਵਿੱਖ ਵਿੱਚ ਨਿਸ਼ਚਤ ਤੌਰ ‘ਤੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ।

ਪਿੰਡ ਬੰਬੀਆਂਵਾਲ ਵਿੱਚ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਦਿਆਂ ਪਰਗਟ ਸਿੰਘ ਨੇ ਦੱਸਿਆ ਕਿ 75.68 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਪੋਰਟਸ ਪਾਰਕ ਵਿੱਚ ਚੇਂਜਿੰਗ ਰੂਮ, ਐਗਰੀਕਲਚਰ ਸਪ੍ਰਿੰਕਲਰ ਸਿਸਟਮ, ਸੀਸੀ ਫਲੋਰਿੰਗ ਵਾਲਾ ਬਾਸਕਟਬਾਲ ਗਰਾਊਂਡ, ਵਾਲੀ ਬਾਲ ਕੋਰਟ ਆਦਿ ਸਹੂਲਤਾਂ ਹੋਣਗੀਆਂ। ਕੈਬਨਿਟ ਮੰਤਰੀ ਭਗਵਾਨ ਵਾਲਮੀਕਿ ਧਰਮਸ਼ਾਲਾ ਵੀ ਗਏ, ਜਿੱਥੇ ਉਨ੍ਹਾਂ ਧਰਮਸ਼ਾਲਾ ਦੇ ਵਿਕਾਸ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਧਨਾਲ ਅਤੇ ਭੋਡੇ ਸਪਰਾਏ ਵਿਖੇ ਕ੍ਰਮਵਾਰ 66.01 ਲੱਖ ਰੁਪਏ ਅਤੇ 49.68 ਲੱਖ ਰੁਪਏ ਦੀ ਲਾਗਤ ਨਾਲ ਸਪੋਰਟਸ ਪਾਰਕਾਂ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਖੇਤਰ ਵਿੱਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।

ਪਿੰਡ ਕਾਦੀਆਂਵਾਲੀ ਵਿੱਚ ਪਰਗਟ ਸਿੰਘ ਵੱਲੋਂ 65.67 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਵਿਕਾਸ ਕਾਰਜਾਂ ਲਈ ਪਿੰਡ ਦੀ ਪੰਚਾਇਤ ਨੂੰ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਕੈਬਨਿਟ ਮੰਤਰੀ ਵੱਲੋਂ ਪਿੰਡ ਧੀਨਾ, ਦਾਦੂਵਾਲ ਅਤੇ ਊਧੋਪੁਰ ਵਿਖੇ ਸਪੋਰਟਸ ਪਾਰਕ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ, ਜੋ ਕਿ ਕ੍ਰਮਵਾਰ 17.86 ਲੱਖ, 56.67 ਲੱਖ ਅਤੇ 53.56 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਵੱਲੋਂ ਇਕ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਸਨਦਾਂ ਸੌਂਪਣ ਤੋਂ ਇਲਾਵਾ ਪਿੰਡ ਧਨਾਲ ਖੁਰਦ ਅਤੇ ਧਨਾਲ ਕਲਾਂ ਦੀਆਂ ਪੰਚਾਇਤਾਂ ਨੂੰ 10 ਲੱਖ ਅਤੇ 9 ਲੱਖ ਰੁਪਏ ਦੇ ਚੈੱਕ ਵੀ ਦਿੱਤੇ ਗਏ ।