ਪੰਜਾਬ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ‘ਅਧਿਆਪਕ ਫੈਸਟ’ ਕਰਵਾਉਣ ਦਾ ਫੈਸਲਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ, ਜੁਲਾਈ 19

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਰੋਚਿਕ ਅਤੇ ਸੌਖੇ ਤਰੀਕੇ ਨਾਲ ਪੜਾਈ ਕਰਵਾਉਣ ਲਈ ਵਰਤੀ ਜਾਣ ਵਾਲੀ ਸਹਾਇਕ ਸਮੱਗਰੀ ਅਤੇ ਨਵੀਨਤਮ ਵਿਧੀਆਂ ਦੇ ਪ੍ਰਦਰਸ਼ਨ ਲਈ ‘ਅਧਿਆਪਕ ਫੈਸਟ’ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਟ ਬਲਾਕ, ਜ਼ਿਲਾ ਅਤੇ ਸੂਬਾ ਪੱਧਰ ’ਤੇ ਕਰਵਾਇਆ ਜਾਵੇਗਾ। ਬਲਾਕ ਪੱਧਰੀ ਫੈਸਟ 22 ਤੋਂ 24 ਜੁਲਾਈ ਤੱਕ ਹੋਵੇਗਾ ਜਦਕਿ ਜ਼ਿਲਾ ਪੱਧਰੀ ਫੈਸਟ 26 ਤੋਂ 28 ਜੁਲਾਈ ਤੱਕ ਹੋਵੇਗਾ। ਸੂਬਾ ਪੱਧਰੀ ਫੈਸਟ 1 ਤੋਂ 3 ਅਗਸਤ ਤੱਕ ਹੋਵੇਗਾ।

ਇਸ ਦੌਰਾਨ ਅਧਿਆਪਕਾਂ ਵੱਲੋਂ ਤਿਆਰ ਕੀਤੇ ਮਾਡਲ, ਸਹਾਇਕ ਸਮੱਗਰੀ, ਵਿੱਦਿਅਕ ਮੋਬਾਈਲ ਐਪ, ਵਿੱਦਿਅਕ ਖੇਡਾਂ, ਵਿੱਦਿਅਕ ਵੀਡਿਓ ਗੇਮ, ਨਵੀਨਤਮ ਚਾਰਟ, ਫਲੈਸ ਕਾਰਡ, ਕਿੱਟ, ਵਿੱਦਿਅਕ ਪਲੇਅ, ਸੁੰਦਰ ਲਿਖਾਈ, ਕੈਲੀਗ੍ਰਾਫੀ, ਇਨਫਰਮੇਸਨ ਟੈਕਨਾਲੋਜੀ ਆਦਿ ਦਾ ਆਨਲਾਈਨ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨੀ ਦੇ ਹਰ ਪੱਧਰ ਦੇ ਜੇਤੂ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਰਟੀਫਿਕੇਟਾਂ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।