ਧਰਮ ਤੇ ਵਿਰਸਾ

ਪੰਜਾਬ ਹੈਰੀਟੇਜ਼ ਐਂਡ ਕਲਚਰਲ ਸੁਸਾਇਟੀ ਬਟਾਲਾ ਨੇ ਮਨਾਇਆ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਦਾ 163ਵਾਂ ਜਨਮ ਦਿਨ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ, ਅਗਸਤ 1

ਪੰਜਾਬ ਹੈਰੀਟੇਜ਼ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਦਾ 163ਵਾਂ ਜਨਮ ਦਿਨ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਸੂਲਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਪਿੰਡ ਰਸੂਲਪੁਰ ਦੀ ਸੰਗਤ ਵੱਲੋਂ ਵਿਸ਼ੇਸ਼ ਇਕੱਤਰਤਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਜਾਪ ਕੀਤਾ ਅਤੇ ਭਾਈ ਰਾਮ ਸਿੰਘ ਦੇ ਜੀਵਨ ਬਾਰੇ ਗੱਲਬਾਤ ਕੀਤੀ। ਇਹ ਪਹਿਲੀ ਵਾਰ ਸੀ ਜਦੋਂ ਪਿੰਡ ਰਸੂਲਪੁਰ ਦੇ ਲੋਕਾਂ ਨੇ ਆਪਣੇ ਧਰਤੀ ਪੁੱਤਰ ਭਾਈ ਰਾਮ ਸਿੰਘ ਨੂੰ ਜਨਮ ਦਿਨ ਮੌਕੇ ਯਾਦ ਕੀਤਾ ਹੋਵੇ।

ਸਮਾਗਮ ਦੌਰਾਨ ਪੰਜਾਬ ਹੈਰੀਟੇਜ਼ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ 163 ਸਾਲ ਪਹਿਲਾਂ ਪਿੰਡ ਰਸੂਲਪੁਰ ਵਿਖੇ 1 ਅਗਸਤ 1858 ਈਸਵੀ ਨੂੰ ਆਸਾ ਸਿੰਘ ਸੋਹਲ ਦੇ ਘਰ ਭਾਈ ਰਾਮ ਸਿੰਘ ਦਾ ਜਨਮ ਹੋਇਆ ਸੀ। ਉਨ੍ਹਾਂ ਕਿਹਾ ਕਿ ਭਾਈ ਰਾਮ ਸਿੰਘ ਨੇ ਆਪਣੀ ਮੁਢਲੀ ਸਿੱਖਿਆ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਤੋਂ ਹਾਸਲ ਕਰਕੇ ਲਾਹੌਰ ਦੇ ਮੇਓ ਆਰਟ ਕਾਲਜ ਤੋਂ ਇਮਾਰਤਾਂ ਦੇ ਨਕਸ਼ੇ ਬਣਾਉਣ ਦੀ ਪੜ੍ਹਾਈ ਕੀਤੀ। ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੇਓ ਕਾਲਜ ਆਫ ਆਰਟ ਵਿੱਚ ਹੀ ਅਧਿਆਪਕ ਲੱਗ ਗਏ ਅਤੇ ਆਪਣੀ ਨੌਂਕਰੀ ਦੇ ਆਖਰੀ ਤਿੰਨ ਸਾਲ ਉਹ ਇਸ ਵਕਾਰੀ ਕਾਲਜ ਦੇ ਪ੍ਰਿੰਸੀਪਲ ਵੀ ਰਹੇ।

ਭਾਈ ਰਾਮ ਸਿੰਘ ਵੱੱਲੋਂ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਡਿਜ਼ਾਇਨ ਤਿਆਰ ਕਰਨ ਸਬੰਧੀ ਗੱਲ ਕਰਦਿਆਂ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਦਾ ਨਕਸ਼ਾ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਦੀ ਮਾਰਬਲ ਡਿਜਾਇਨਿੰਗ ਅਤੇ ਵੂਡ ਕਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜੀ ਅੰਮਿ੍ਰਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜਾਇਨਿੰਗ ਦਾ ਕੰਮ ਵੀ ਕੀਤਾ। ਉਨ੍ਹਾਂ ਕਿਹਾ ਭਾਈ ਰਾਮ ਸਿੰਘ ਸਿੱਖ ਕੌਮ ਦਾ ਕੋਹਿਨੂਰ ਹੀਰਾ ਹੈ ਜਿਸ ਉੱਪਰ ਸਮੁੱਚੀ ਕੌਮ ਨੂੰ ਮਾਣ ਹੈ।

ਇਸ ਮੌਕੇ ਹੈਰੀਟੇਜ਼ ਸੁਸਾਇਟੀ ਦੇ ਮੈਂਬਰ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਪਿੰਡ ਵਾਸੀਆਂ ਨੂੰ ਭਾਈ ਰਾਮ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਈ ਰਾਮ ਸਿੰਘ ਉਹ ਹਸਤੀ ਹਨ ਜਿਨ੍ਹਾਂ ਦੀ ਕਲਾ ਦਾ ਲੋਹਾ ਕੁੱਲ ਦੁਨੀਆ ਮੰਨਦੀ ਹੈ। ਉਨ੍ਹਾਂ ਕਿਹਾ ਕਿ ਭਾਈ ਰਾਮ ਸਿੰਘ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਦਾ ਕੋਈ ਸ਼ਾਨੀ ਨਹੀਂ ਅਤੇ ਉਨ੍ਹਾਂ ਦੀਆਂ ਸਾਰੀਆਂ ਹੀ ਇਮਾਰਤਾਂ ਵਿਰਾਸਤ ਇਮਾਰਤਾਂ ਦਾ ਦਰਜਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਭਾਈ ਰਾਮ ਸਿੰਘ ਵਰਗੀਆਂ ਮਹਾਨ ਸਖਸ਼ੀਅਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਅਜਿਹੇ ਵਿਅਕਤੀ ਹੀ ਨੌਜਵਾਨੀ ਨੂੰ ਸੇਧ ਦੇ ਸਕਦੇ ਹਨ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜਤਿੰਦਰਪਾਲ ਸਿੰਘ ਭਾਟੀਆ, ਭਾਈ ਲਾਲੋ ਫਾਊਂਡੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸੋਖੀ, ਸੁਖਦੇਵ ਸਿੰਘ, ਸ਼ੇਰ-ਏ-ਪੰਜਾਬ ਸਿੰਘ ਨੇ ਵੀ ਭਾਈ ਰਾਮ ਸਿੰਘ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਾਬਕਾ ਸਰਪੰਚ ਬਲਕਾਰ ਸਿੰਘ ਅਤੇ ਸਾਬਕਾ ਐੱਸ.ਐੱਚ.ਓ. ਪਰਮਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਪਿੰਡ ਰਸੂਲਪੁਰ ਵਿੱਚ ਭਾਈ ਰਾਮ ਸਿੰਘ ਦੀ ਯਾਦਗਾਰ ਕਾਇਮ ਕਰਨ ਲਈ ਉਪਰਾਲੇ ਕੀਤੇ ਜਾਣਗੇ। ਇਸੇ ਦੌਰਾਨ ਪੰਜਾਬ ਹੈਰੀਟੇਜ਼ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਭਾਈ ਰਾਮ ਸਿੰਘ ਦੀ ਜੀਵਨੀ ਬਾਰੇ ਕਿਤਾਬਚਾ ਵੀ ਸੰਗਤਾਂ ਵਿੱਚ ਵੰਡਿਆ ਗਿਆ। ਸਮਾਗਮ ਤੋਂ ਬਾਅਦ ਪਿੰਡ ਦੀਆਂ ਸੰਗਤਾਂ ਨੇ ਕੇਕ ਕੱਟ ਕੇ ਭਾਈ ਰਾਮ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮਨਾਈ।

ਇਸ ਮੌਕੇ ਪਿੰਡ ਰਸੂਲਪੁਰ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਅਤੇ ਸਾਬਕਾ ਐੱਸ.ਐੱਚ.ਓ. ਪਰਮਜੀਤ ਸਿੰਘ, ਕੁਲਵੰਤ ਸਿੰਘ, ਗੁਰਦੇਵ ਸਿੰਘ ਸੋਹਲ, ਭਾਈ ਬਲਬੀਰ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਧਨਰਾਜ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਜਗੀਰ ਸਿੰਘ ਖਜ਼ਾਨਚੀ, ਬਲਜੀਤ ਸਿੰਘ ਬਿੱਟੂ, ਪੰਜਾਬ ਹੈਰੀਟੇਜ਼ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਨੁਮਾਇੰਦੇ ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰੋਫੈਸਰ ਜਸਬੀਰ ਸਿੰਘ, ਐਡਵੋਕੇਟ ਐੱਚ.ਐੱਸ. ਮਾਂਗਟ, ਅਨੁਰਾਗ ਮਹਿਤਾ, ਹਰਜੀਤ ਸਿੰਘ ਸੋਖੀ, ਵਰਿੰਦਰਜੀਤ ਸਿੰਘ ਅੰਮੋਨੰਗਲ, ਗੋਪਿੰਦਰ ਸਿੰਘ ਪੱਡਾ, ਦਲਜੀਤ ਸਿੰਘ ਬਮਰਾਹ ਸਰਪੰਚ ਚੂਹੇਵਾਲ, ਬਲਵਿੰਦਰ ਸਿੰਘ ਪੰਜਗਰਾਈਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਰਸੂਲਪੁਰ ਦੀ ਸੰਗਤ ਹਾਜ਼ਰ ਸੀ।