ਪੰਜਾਬ

ਸ਼ਹੀਦ ਅਬਦੁੱਲ ਹਮੀਦ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਆਸਲ ਉਤਾੜ ਵਿਚ ਸੀ-ਪਾਇਟ ਦੀ ਸ਼ੁਰੂਆਤ

ਫੈਕਟ ਸਮਾਚਾਰ ਸੇਵਾ ਆਸਲ ਉਤਾੜ, ਸਤੰਬਰ 9

ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਅਬਦੁੱਲ ਹਮੀਦ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਆਸਲ ਉਤਾੜ, ਜਿੱਥੇ ਕਿ ਅਬਦੁਲ ਹਮੀਦ ਭਾਰਤ-ਪਾਕਿਸਤਾਨ ਵਿਚਾਲੇ 1965 ਦੀ ਜੰਗ ਵਿਚ ਸ਼ਹੀਦ ਹੋਏ ਸਨ, ਵਿਖੇ ਨੌਜਵਾਨਾਂ ਨੂੰ ਫੌਜ ਤੇ ਪੈਰਾ ਮਿਲਟਰੀ ਫੋਰਸਾਂ ਵਿਚ ਭਰਤੀ ਹੋਣ ਦੀ ਸਿਖਲਾਈ ਦਿੱਤੀ ਜਾਵੇਗੀ, ਦਾ ਨੀਂਹ ਪੱਥਰ ਰੱਖਿਆ ਗਿਆ। ਕਰੀਬ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਇਮਾਰਤ ਦਾ ਆਨ-ਲਾਇਨ ਜ਼ਰੀਏ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਜੰਗ ਦੀਆਂ ਯਾਦਾਂ, ਜੋ ਕਿ ਉਨਾਂ ਨੇ ਬਤੌਰ ਜਨਰਲ ਹਰਬਖਸ਼ ਸਿੰਘ ਦੇ ਏ. ਡੀ. ਸੀ. ਵਜੋਂ ਲੜੀ ਸੀ, ਸਾਂਝੀਆਂ ਕਰਦੇ ਹੋਏ ਕੀਤਾ, ਜਦਕਿ ਉਨਾਂ ਦੀ ਤਰਫੋਂ ਸ਼ਹੀਦ ਦੀ ਸਮਾਧ ਉਤੇ ਫੁੱਲ ਮਲਾਵਾਂ ਚੜਾਉਣ ਲਈ ਵਿਸੇਸ਼ ਤੌਰ ਉਤੇ ਪੁੱਜੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਲਾਕੇ ਦੇ ਲੋਕਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ।

ਇਸ ਮੌਕੇ ਬੋਲਦੇ ਬਲਬੀਰ ਸਿੱਧੂ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਮੰਗ ਉਤੇ ਹਲਕਾ ਖੇਮਕਰਨ ਵਿਚ ਸਬ ਡਵੀਜ਼ਨ ਪੱਧਰ ਦਾ ਹਸਪਤਾਲ ਬਨਾਉਣ ਦਾ ਐਲਾਨ ਕਰਦੇ ਕਿਹਾ ਕਿ ਤੁਸੀਂ ਥਾਂ ਪਸੰਦ ਕਰੋ ਤਾਂ ਹਸਪਤਾਲ ਚਾਰ ਮਹੀਨਿਆਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਛੇਤੀ ਹੀ ਸਿਹਤ ਬੀਮਾ ਯੋਜਨਾ, ਜੋ ਕਿ ਹੁਣ ਤੱਕ 40 ਲੱਖ ਪਰਿਵਾਰਾਂ ਨੂੰ ਕਵਰ ਕਰ ਰਹੀ ਹੈ, ਦਾ ਘੇਰਾ ਵਧਾ ਕੇ ਇਸ ਨੂੰ ਸੂਬੇ ਦੇ ਸਮੁੱਚੇ ਲੋਕਾਂ ਲਈ ਲਾਗੂ ਕਰ ਰਹੀ ਹੈ, ਜਿਸ ਨਾਲ ਰਾਜ ਦੇ ਲੋਕ ਮੁਫ਼ਤ ਸਿਹਤ ਸਹੂਲਤ ਦਾ ਲਾਭ ਲੈ ਸਕਣਗੇ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਬੁਢਾਪਾ ਤੇ ਹੋਰ ਵਰਗਾਂ ਨੂੰ ਮਿਲਦੀ ਪੈਨਸ਼ਨ ਵਿਚ 6 ਗੁਣਾ ਵਾਧਾ ਕੀਤਾ ਹੈ ਅਤੇ ਇਸ ਵਾਰ ਸਰਕਾਰ ਬਨਣ ਉਤੇ ਇਹ ਪੈਨਸ਼ਨ 2500 ਰੁਪਏ ਮਹੀਨਾ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਵੇਲੇ ਹਰ ਮਹੀਨੇ 400 ਕਰੋੜ ਰੁਪਏ ਇੰਨਾ ਲਾਭਪਾਤਰੀਆਂ ਦੇ ਖਾਤੇ ਵਿਚ ਜਾ ਰਹੇ ਹਨ।

ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੁੱਜੇ ਚਾਰ ਗਰਨੇਡੀਅਰ ਦੇ ਜਨਰਲ ਗੁਰਪਾਲ ਸਿੰਘ ਸੰਘਾ ਨੇ ਆਪਣੇ ਫੌਜੀ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਮਾਝੇ ਦੀ ਧਰਤੀ ਇੰਨੀ ਜਰਖੇਜ਼ ਹੈ ਕਿ ਇਥੇ ਆ ਕੇ ਉਤਰ ਪ੍ਰਦੇਸ਼ ਦੇ ਦਰਜੀ ਦਾ ਮੁੰਡਾ ਅਬਦੁੱਲ ਹਮੀਦ ਟੈਂਕਾਂ ਨਾਲ ਭਿੜ ਗਿਆ। ਉਨਾਂ ਸੂਬਾ ਸਰਕਾਰ ਵੱਲੋਂ ਫੌਜੀਆਂ ਤੇ ਸ਼ਾਬਕਾ ਫੌਜੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਸਰਾਹਨਾ ਕਰਦੇ ਕਿਹਾ ਕਿ ਫੌਜੀ ਜੰਗ ਵਿਚ ਬੇਖੌਫ ਹੋ ਕੇ ਤਾਂ ਹੀ ਲੜ ਸਕਦਾ ਹੈ, ਜੇਕਰ ਉਸ ਨੂੰ ਆਸ ਹੋਵੇ ਕਿ ਉਸਦੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਉਸਦੀ ਸਰਕਾਰ ਹੈ।

ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਇਸ ਮੌਕੇ ਸ਼ਹੀਦ ਫੌਜੀਆਂ ਦੇ ਨਾਲ-ਨਾਲ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦੇ ਕਿਹਾ ਕਿ ਅੱਜ ਇਹ ਸਮਾਗਮ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸਹਿਯੋਗ ਸਦਕਾ ਹੀ ਪੂਰਾ ਹੋਇਆ ਹੈ। ਉਨਾਂ ਕਿਹਾ ਕਿ ਸਾਡਾ ਹਲਕਾ ਹਰ ਤਰਾਂ ਕਿਸਾਨਾਂ ਦੀ ਲੜਾਈ ਵਿਚ ਖੜਾ ਹੈ। ਉਨਾਂ ਇਲਾਕੇ ਵਿਚ ਕੀਤੇ ਕੰਮ ਜਿਸ ਵਿਚ 55 ਕਰੋੜ ਨਾਲ 500 ਕਿਲੋਮੀਟਰ ਸੜਕਾਂ ਦੀ ਮੁਰੰਮਤ, 186 ਕਰੋੜ ਨਾਲ ਦਰਿਆ ਰਾਵੀ ਦੇ ਪਾਣੀ ਦੀ ਪਿੰਡਾਂ ਵਿਚ ਪਹੁੰਚ, 15 ਕਰੋੜ ਰੁਪਏ ਨਾਲ ਖੇਮਕਰਨ ਮਾਈਨਰ ਦੀ ਸਫਾਈ, ਪੈਨਸ਼ਨ, ਰਾਸ਼ਨ ਕਾਰਡ, ਲੋੜਵੰਦਾਂ ਲਈ ਘਰ ਤੇ ਫਲਸ਼ਾਂ ਆਦਿ ਦੇ ਨਿਰਮਾਣ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਵਿਧਾਇਕ ਪੱਟੀ ਸ. ਹਰਮਿੰਦਰ ਸਿੰਘ ਗਿੱਲ ਨੇ ਆਪਣੇ ਭਾਸ਼ਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਤ ਕਰਦੇ ਕਿਹਾ ਕਿ ਉਨਾਂ ਨੇ ਫੌਜ ਵਿਚ ਰਹਿੰਦੇ ਦੇਸ਼ ਲਈ ਲੜਾਈ ਲੜੀ, ਕਾਂਗਰਸ ਪਾਰਟੀ ਵਿਚ ਵਿਚਰਦੇ ਪੰਜਾਬ ਦੇ ਹੱਕਾਂ ਲਈ ਹਿੱਕ ਡਾਹ ਕੇ ਖਲੋਤੇ ਅਤੇ ਹੁਣ ਕੋਰੋਨਾ ਵਰਗੇ ਸੰਕਟ ਵਿਚ ਪੰਜਾਬੀਆਂ ਨਾਲ ਖੜੇ ਹਨ। ਉਨਾਂ ਕਿਹਾ ਕਿ ਸਾਡੇ ਪਛੜੇ ਇਲਾਕੇ ਵਿਚ ਕਾਨੂੰਨ ਦੀ ਯੂਨੀਵਰਸਿਟੀ ਅਤੇ ਸੀ ਪਾਈਟ ਵਰਗੀਆਂ ਸੰਸਥਾਵਾਂ ਤੇ ਪਿੰਡ-ਪਿੰਡ ਪਾਰਕ ਤੇ ਇੰਟਰਲਾਕ ਗਲੀਆਂ ਉਨਾਂ ਦੀ ਦੇਣ ਹਨ।

ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ 1965 ਦੀ ਜੰਗ ਦੇ ਤਜ਼ਰਬੇ ਸਾਂਝੇ ਕਰਦੇ ਕਿਹਾ ਕਿ ਉਸ ਵੇਲੇ ਸਰਹੱਦੀ ਖੇਤਰ ਦੇ ਲੋਕਾਂ ਨੇ ਫੌਜ ਲਈ ਦੁੱਧ ਤੇ ਭੋਜਨ ਦੇ ਲੰਗਰ ਲਗਾਏ ਤੇ ਮੋਰਚਿਆਂ ਤੱਕ ਫੌਜੀਆਂ ਨੂੰ ਭੋਜਨ ਪਹੁੰਚਾਉਂਦੇ ਰਹੇ। ਉਨਾਂ ਇਸ ਇਲਾਕੇ ਵਿਚੋਂ ਵੱਧ ਤੋਂ ਵੱਧ ਜਵਾਨ ਭਰਤੀ ਕਰਨ ਦੀ ਮੰਗ ਵੀ ਦੁਹਰਾਈ। ਹੋਰਨਾਂ ਤੋਂ ਇਲਾਵ ਇਸ ਮੌਕੇ ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਗਰੁਕੀਰਤ ਸਿੰਘ ਕੋਟਲੀ, ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਸਮਾਗਮ ਨੂੰ ਸੰਬੋਧਨ ਕਰਦੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਉਤੇ ਚਾਨਣਾ ਪਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਸੁਖਪਾਲ ਸਿੰਘ ਭੁੱਲਰ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਜਨਰਲ ਗੁਰਪਾਲ ਸਿੰਘ ਸੰਘਾ ਸਾਰੇ ਮਹਿਮਾਨਾਂ ਨੇ ਸ਼ਹੀਦ ਦੀ ਸਮਾਧ ਉਤੇ ਫੁੱਲ ਮਲਾਵਾਂ ਤੇ ਚਾਦਰ ਚੜਾਉਣ ਵੀ ਗਏ। ਇਸ ਮੌਕੇ ਐਸ ਐਸ ਪੀ ਉਪਿੰਦਰਜੀਤ ਸਿੰਘ ਘੁੰਮਣ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਸੁਖਵਿੰਦਰ ਸਿੰਘ ਸਿੱਧੂ ਤੇ ਹੋਰ ਪਤਵੰਤੇ ਹਾਜ਼ਰ ਸਨ।