ਦੇਸ਼-ਦੁਨੀਆ

ਅੱਜ ਮੁੜ ਸੈਸ਼ਨ ‘ਚ ਹੰਗਾਮੇ ਕਾਰਨ ਕਾਰਵਾਈ 2 ਵਜੇ ਤੱਕ ਮੁਲਤਵੀ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 30

ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਅਤੇ ਇਹ 23 ਦਸੰਬਰ ਤੱਕ ਚਲੇਗਾ। ਅੱਜ ਸਵੇਰੇ 11 ਵਜੇ ਸਦਨ ਸ਼ੁਰੂ ਹੋਣ ’ਤੇ ਸਪੀਕਰ ਨੇ ਦਾਦਰਾ ਨਗਰ ਹਵੇਲੀ ਤੋਂ ਚੁਣੀ ਗਈ ਸ਼ਿਵ ਸੈਨਾ ਦੀ ਕਲਾਵਤੀ ਮੋਹਨ ਡੇਲਕਰ ਨੂੰ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਪੀਕਰ ਓਮ ਬਿਰਲਾ ਵਲੋਂ ਸੰਸਦ ਮੈਂਬਰਾਂ ਨੂੰ ਮਰਿਆਦਾ ’ਚ ਰਹਿਣ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ, ਇਸ ਦੇ ਬਾਵਜੂਦ ਸੰਸਦ ਮੈਂਬਰ ਨਹੀਂ ਮੰਨੇ ਅਤੇ ਹੰਗਾਮਾ ਕਰਦੇ ਰਹੇ। ਕਿਸਾਨਾਂ ਦੇ ਮੁੱਦੇ ’ਤੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ’ਤੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਦਰਵਿੜ ਮੁਨੇਤਰ ਕਸ਼ਗਮ (ਦਰਮੁੱਕ) ਦੇ ਨੇਤਾ ਟੀ. ਆਰ. ਬਾਲੂ ਅਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਰੌਲੇ-ਰੱਪੇ ਵਿਚ ਸੁਣਾਈ ਨਹੀਂ ਦਿੱਤਾ। ਸਪੀਕਰ ਦੇ ਆਸਨ ਅੱਗੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦ ਮੈਂਬਰ ਕਿਸਾਨ ਅੰਦੋਲਨ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਐੱਮ. ਐੱਸ. ਪੀ. ’ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰਨ ਲੱਗੇ। ਸਪੀਕਰ ਨੇ ਉਨ੍ਹਾਂ ਨੂੰ ਆਪਣੀ ਥਾਂ ’ਤੇ ਜਾਣ ਦੀ ਅਪੀਲ ਕੀਤੀ ਪਰ ਇਸ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ। ਇਸ ਦਰਮਿਆਨ ਕਾਂਗਰਸ, ਡੀ. ਐੱਮ. ਕੇ ਅਤੇ ਹੋਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਾਕਆਊਟ ਕਰ ਗਏ।