ਦੇਸ਼-ਦੁਨੀਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਅਮਰਜੀਤ ਸਿਨਹਾ ਨੇ ਦਿੱਤਾ ਅਸਤੀਫ਼ਾ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਅਗਸਤ 02
ਪ੍ਰਧਾਨ ਮੰਤਰੀ ਦਫ਼ਤਰ ‘ਚ ਤਾਇਨਾਤ ਸੀਨੀਅਰ ਨੌਕਰਸ਼ਾਹ ਅਮਰਜੀਤ ਸਿਨਹਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਟਾਇਰਡ ਅਧਿਕਾਰੀ ਸਿਨਹਾ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ‘ਚ ਸਲਾਹਕਾਰ ਸਨ ਅਤੇ ਸਮਾਜਿਕ ਖੇਤਰ ਨਾਲ ਜੁੜੇ ਪ੍ਰਾਜੈਕਟਾਂ ਨੂੰ ਸੰਭਾਲਦੇ ਸਨ। ਬਿਹਾਰ ਕੈਡਰ ਦੇ 1983 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸਿਨਹਾ 2019 ‘ਚ ਗ੍ਰਾਮੀਣ ਵਿਕਾਸ ਸਕੱਤਰ ਦੇ ਤੌਰ ‘ਤੇ ਸੇਵਾਮੁਕਤ ਹੋਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪੀ.ਐੱਮ.ਓ. ‘ਚ ਨਿਯੁਕਤ ਕੀਤਾ ਗਿਆ ਸੀ। ਤਿੰਨ ਦਹਾਕਿਆਂ ਦੇ ਕਰੀਅਰ ‘ਚ ਸਿਨਹਾ ਸਿੱਖਿਆ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਅਹਿਮ ਅਹੁਦਿਆਂ ‘ਤੇ ਰਹੇ। ਉਹ ਗ੍ਰਾਮੀਣ ਵਿਕਾਸ ਦੇ ਮਾਮਲਿਆਂ ‘ਚ ਮਾਹਿਰ ਹਨ। ਨੈਸ਼ਨਲ ਰੂਰਲ ਹੈਲਥ ਮਿਸ਼ਨ ਅਤੇ ਸਰਵ ਸਿੱਖਿਆ ਮੁਹਿੰਮ ਵਰਗੀਆਂ ਯੋਜਨਾਵਾਂ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਸਿਨਹਾ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨੀਸਟਰੇਸ਼ਨ ‘ਚ ਵੀ ਸੇਵਾ ਦੇ ਚੁਕੇ ਹਨ। ਉਹ ਹਾਲ ਦੇ ਮਹੀਨੇ ਪੀ.ਐੱਮ.ਓ. ਤੋਂ ਅਸਤੀਫ਼ਾ ਦੇਣ ਵਾਲੇ ਦੂਜੇ ਸੀਨੀਅਰ ਅਧਿਕਾਰੀ ਹਨ। ਇਸ ਤੋਂ ਪਹਿਲਾਂ ਮਾਰਚ ‘ਚ ਪ੍ਰਧਾਨ ਮੰਤਰੀ ਦਫ਼ਤਰ ‘ਚ ਪ੍ਰਧਾਨ ਸਲਾਹਕਾਰ ਰਹੇ ਸਾਬਕਾ ਕੈਬਨਿਟ ਸਕੱਤਰ ਪੀ.ਕੇ. ਸਿਨਹਾ ਨੇ ਵੀ ਅਸਤੀਫ਼ਾ ਦਿੱਤਾ ਸੀ।