ਦੇਸ਼-ਦੁਨੀਆ

ਚੱਕਰਵਾਤੀ ਤੂਫ਼ਾਨ ‘ਜਵਾਦ’ ਦੇ ਖ਼ਤਰਿਆਂ ਨਾਲ ਨਜਿੱਠਣ ਦੀ ਤਿਆਰੀ ਲਈ ਸਮੀਖਿਆ ਮੀਟਿੰਗ ਕੀਤੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਦਸੰਬਰ 2

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ‘ਜਵਾਦ’ ਦੇ ਖ਼ਤਰਿਆਂ ਨਾਲ ਨਜਿੱਠਣ ਦੀ ਤਿਆਰੀ ਦੀ ਸਮੀਖਿਆ ਲਈ ਅੱਜ ਸਵੇਰੇ ਰਾਜਧਾਨੀ ’ਚ ਇਕ ਉੱਚ ਪੱਧਰੀ ਮੀਟਿੰਗ ਕੀਤੀ। ਪੀ ਐਮ ਮੋਦੀ ਨੇ ਅਧਿਕਾਰੀਆਂ ਨੂੰ ਜ਼ੋਖ਼ਮ ਵਾਲੇ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਣ ਲਈ ਹਰ ਸੰਭਵ ਉਪਾਅ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਸੇਵਾਵਾਂ ਬਣਾਈ ਰੱਖਣ ਲਈ ਹਰ ਸੰਭਵ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ’ਚ ਰੁਕਾਵਟ ਆਉਂਦੀ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਰਾਸ਼ਟਰੀ ਆਫ਼ਤ ਕਾਰਵਾਈ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ ਤੂਫ਼ਾਨ ਦੇ ਖ਼ਤਰੇ ਵਾਲੇ ਖੇਤਰਾਂ ’ਚ ਪਹਿਲਾਂ ਹੀ 29 ਟੀਮਾਂ ਭੇਜ ਦਿੱਤੀਆਂ ਹਨ। ਉਨ੍ਹਾਂ ਨਾਲ ਕਿਸ਼ਤੀ, ਦਰੱਖਤ ਕੱਟਣ ਵਾਲੀ ਆਰੀ, ਦੂਰਸੰਚਾਰ ਯੰਤਰ ਆਦਿ ਵੀ ਭੇਜੇ ਗਏ ਹਨ। ਇਸ ਤੋਂ ਇਲਾਵਾ 33 ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਭਾਰਤੀ ਤੱਟਰੱਖਿਅਕ ਅਤੇ ਜਲ ਸੈਨਾ ਨੇ ਵੀ ਆਪਣੇ ਜਹਾਜ਼ ਅਤੇ ਹੈਲੀਕਾਪਟਰ ਰਾਹਤ ਅਤੇ ਬਚਾਅ ਕੰਮ ਲਈ ਤਿਆਰ ਕਰ ਰੱਖੇ ਹਨ।