ਹਰਿਆਣਾ

ਬੁਢਲਾਡਾ-ਟੋਹਾਣਾ ਸੜਕ ’ਤੇ ਦਰੱਖਤਾਂ ਨੂੰ ਛੂਹ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ

ਫ਼ੈਕ੍ਟ ਸਮਾਚਾਰ ਸੇਵਾ ਰਤੀਆ, ਜੁਲਾਈ 18

ਸ਼ਹਿਰ ਵਿਚ ਵਧਦੀ ਗਰਮੀ ਅਤੇ ਮਾਨਸੂਨ ਦੌਰਾਨ ਬਿਜਲੀ ਲਾਈਨਾਂ ਦੀ ਬਦਇੰਤਜਾਮੀ ਸਾਹਮਣੇ ਆ ਰਹੀ ਹੈ। ਕਈ ਥਾਵਾਂ ’ਤੇ ਦਰੱਖਤਾਂ ਨਾਲ ਲੱਗਦੀਆਂ ਹਾਈ ਵੋਲਟੇਜ਼ ਦੀਆਂ ਤਾਰਾਂ, ਮੁੱਖ ਮਾਰਗਾਂ ਤੋਂ ਲੈ ਕੇ ਵੱਖ-ਵੱਖ ਕਲੋਨੀਆਂ ਵਿਚ ਅੰਦਰ ਤੱਕ ਖੰਭਿਆਂ ਦੀ ਹਾਲਤ ਖਸਤਾ ਹੈ ਅਤੇ ਕਈ ਖੰਭੇ ਹਰੇ ਭਰੇ ਦਰੱਖਤਾਂ ਵਿਚਕਾਰ ਝੁਕੇ ਹੋਏ ਹਨ। ਕਈ ਥਾਵਾਂ ਤੇ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਕੋਈ ਵੀ ਹੱਥ ਨਾਲ ਛੂਹ ਸਕਦਾ ਹੈ। ਵਿਭਾਗ ਦੀ ਲਾਪ੍ਰਵਾਹੀ ਕਾਰਨ ਕਿਸੇ ਸਮੇਂ ਵੀ ਹਾਦਸਾ ਬਣੇ ਰਹਿਣ ਦੀ ਸੰਭਾਵਨਾ ਰਹਿੰਦੀ ਹੈ।

ਸ਼ਹਿਰ ਦੇ ਬੁਢਲਾਡਾ ਤੋਂ ਟੋਹਾਣਾ ਰੋਡ ਤੱਕ ਬਾਈਪਾਸ ਤੇ ਬਿਜਲੀ ਹਾਈ ਵੋਲਟੇਜ਼ ਦੀਆਂ ਤਾਰਾਂ ਦਰੱਖਤਾਂ ਅਤੇ ਉਨ੍ਹਾਂ ਦੀਆਂ ਟਾਹਣੀਆਂ ਨੂੰ ਛੂਹ ਰਹੀਆਂ ਹਨ ਅਤੇ ਕਿਤੇ ਲੋਕਾਂ ਨੇ ਬਿਜਲੀ ਦੇ ਖੰਭੇ ਨਾ ਹੋਣ ਦੇ ਚੱਲਦੇ ਆਪਣੇ ਪੱਧਰ ’ਤੇ ਲੱਕੜ ਦੇ ਖੰਭੇ ਉਪਰ ਬਿਜਲੀ ਦੀਆਂ ਤਾਰਾਂ ਨੂੰ ਬੰਨ੍ਹਿਆ ਹੋਇਆ ਹੈ। ਇਹ ਸਥਿਤੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਣੀ ਹੈ। ਇਸ ਨਾਲ ਦਰੱਖਤਾਂ ਵਿਚ ਕਰੰਟ ਆਉਣ ਦਾ ਖਤਰਾ ਬਣਿਆ ਰਹਿੰਦਾ ਹੈੇ। ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰਪਾਲਿਕਾ ਤੋਂ ਦਰੱਖਤਾਂ ਦੀ ਛਾਂਟੀ ਕਰਨ ਦੀ ਮੰਗ ਕੀਤੀ ਹੈ।

ਬਿਜਲੀ ਵਿਭਾਗ ਦੇ ਐੱਸਡੀਓ ਆਨੰਦ ਪ੍ਰਕਾਸ਼ ਨੇ ਕਿਹਾ ਕਿ ਰੁਟੀਨ ਵਿੱਚ ਮੈਨਟੇਨੈਂਸ ਦਾ ਕੰਮ ਸਮੇਂ ਸਮੇਂ ’ਤੇ ਜਾਰੀ ਰਹਿੰਦਾ ਹੈ, ਜੇਕਰ ਕਿਤੇ ਦਰੱਖਤ ਹਾਈ ਵੋਲਟੇਜ਼ ਨਾਲ ਟੱਚ ਹੁੰਦੇ ਹਨ ਤਾਂ ਜਲਦੀ ਹੀ ਲਾਈਨਾਂ ਨੂੰ ਠੀਕ ਕਰਵਾਇਆ ਜਾਵੇਗਾ।