ਚੰਡੀਗੜ੍ਹ

ਲਗਾਤਾਰ ਚੌਥੀ ਵਾਰੀ ਐੱਨਆਈਆਰਐੱਫ-2021 ਦੀ ਰੈਂਕਿੰਗ ’ਚ ਚੰਡੀਗੜ੍ਹ ਨੇ ਹਾਸਿਲ ਕੀਤਾ ਦੂਜਾ ਸਥਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਸਤੰਬਰ 10

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੈਸ਼ਨਲ ਇੰਸਟੀਚਿਊਟ ਆਫ ਰੈਂਕਿੰਗ ਫ੍ਰੇਮਵਰਕ (ਐੱਨਆਈਆਰਐੱਫ) 2021 ਦੀ ਰੈਂਕਿੰਗ ਜਾਰੀ ਕੀਤੀ। ਦੇਸ਼ ਭਰ ਦੇ ਟਾਪ ਮੈਡੀਕਲ ਕਾਲਜਾਂ ’ਚ ਪੀਜੀਆਈ ਚੰਡੀਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਪਹਿਲੇ ਸਥਾਨ ’ਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਹੈ। ਤੀਜੇ ਸਥਾਨ ’ਤੇ ਵੇਲੋਰ ਕ੍ਰਿਸ਼ਚਨ ਮੈਡੀਕਲ ਕਾਲਜ ਹੈ। ਪੀਜੀਆਈ ਲਗਾਤਾਰ ਚੌਥੀ ਵਾਰੀ ਐੱਨਆਈਆਰਐੱਫ-2021 ਦੀ ਰੈਂਕਿੰਗ ’ਚ ਦੇਸ਼ ਭਰ ’ਚ ਦੂਜਾ ਸਥਾਨ ਹਾਸਲ ਕਰਨ ’ਚ ਕਾਮਯਾਬ ਰਿਹਾ।

ਐੱਨਆਈਆਰਐੱਫ ਨੇ ਜਿਹੜੀ ਰੈਂਕਿੰਗ ਜਾਰੀ ਕੀਤੀ, ਉਸ ਦੇ ਮੁਤਾਬਕ ਪੀਜੀਆਈ ਚੰਡੀਗੜ੍ਹ ਨੂੰ ਦੇਸ਼ ਭਰ ਦੇ ਟਾਪ ਮੈਡੀਕਲ ਕਾਲਜਾਂ ਦੀ ਸੂਚੀ ’ਚ ਦੂਜੇ ਸਥਾਨ ਦੇ ਨਾਲ 100 ’ਚੋਂ 82.62 ਅੰਕ ਮਿਲੇ ਹਨ ਜਦਕਿ ਪਹਿਲੀ ਵਾਰੀ ਰੈਂਕਿੰਗ ’ਚ 80 ਅੰਕ ਮਿਲੇ ਸਨ। ਦਿੱਲੀ ਏਮਜ਼ ਨੂੰ 90.69 ਅੰਕ ਮਿਲੇ। ਵੇਲੋਰ ਕ੍ਰਿਸ਼ਚਨ ਮੈਡੀਕਲ ਕਾਲਜ ਨੂੰ 100 ’ਚੋਂ 73.56 ਅੰਕ ਮਿਲੇ। ਲਖਨਊ ਦਾ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ 70.21 ਅੰਕ ਦੇ ਨਾਲ ਪੰਜਵੇਂ ਸਥਾਨ ’ਤੇ ਹੈ। ਨੈਸ਼ਨਲ ਇੰਸਟੀਚਿਊਟ ਆਫ ਰੈਂਕਿੰਗ ਫ੍ਰੇਮਵਰਕ ਹਰ ਸਾਲ ਦੇਸ਼ ਦੇ ਬੈਸਟ ਮੈਡੀਕਲ ਕਾਲਜ, ਐੱਮਬੀਏ, ਇੰਜੀਨੀਅਰਿੰਗ ਤੇ ਟਾਪ ਯੂਨੀਵਰਸਿਟੀਜ਼ ਦੀ ਰੈਂਕਿੰਗ ਜਾਰੀ ਕਰਦਾ ਹੈ। ਐੱਨਆਈਆਰਐੱਫ ਵਲੋਂ ਜਿਨ੍ਹਾਂ ਮਾਪਦੰਡਾਂ ’ਤੇ ਉਹ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ, ਉਨ੍ਹਾਂ ’ਚ ਟੀਚਿੰਗ, ਲਰਨਿੰਗ ਐਂਡ ਰਿਸੋਰਸਿਜ਼, ਰਿਸਰਚ ਐਂਡ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਆਊਟਕਮਸ, ਆਊਟਰੀਚ ਐਂਡ ਇੰਕਲਿਊਜਿਵਿਟੀ ਤੇ ਪਰਸੈਪਸ਼ਨ ਦੇ ਆਧਾਰ ’ਤੇ ਇਹ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ।

ਲਗਾਤਾਰ ਚੌਥੀ ਵਾਰੀ ਟਾਪ ਮੈਡੀਕਲ ਕਾਲਜਾਂ ਦੀ ਰੈਂਕਿੰਗ ’ਚ ਥਾਂ ਬਣਾਉਣ ’ਤੇ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਇਹ ਸਾਰੇ ਡਾਕਟਰਾਂ, ਹੈਲਥ ਵਰਕਰਾਂ ਤੇ ਪੈਰਾਮੈਡੀਕਲ ਸਟਾਫ ਦੀ ਪ੍ਰਾਪਤੀ ਹੈ। ਪੀਜੀਆਈ ’ਚ ਆਉਣ ਵਾਲੇ ਦਿਨਾਂ ’ਚ ਹੋਰ ਵੀ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਸਿੱਧਾ ਫਾਇਦਾ ਮਰੀਜ਼ਾਂ ਨੂੰ ਮਿਲੇਗਾ। ਮਰੀਜ਼ਾਂ ਦੀ ਦੇਖਰੇਖ ਤੇ ਉਨ੍ਹਾਂ ਦੇ ਇਲਾਜ ਲਈ ਪੀਜੀਆਈ ’ਚ ਕਈ ਨਵੀਆਂ ਤਕਨੀਕਾਂ ਤੇ ਰਿਸਰਚ ਸਾਹਮਣੇ ਆਉਣਗੀਆਂ।