ਝੋਨੇ ਦੀ ਸਿੱਧੀ ਬਿਜਾਈ ਸਬੰਧੀ ‘ਖੇਤ ਦਿਵਸ ਅਰਾਈਆਂ ਵਾਲਾ ਕਲਾਂ ਵਿਖੇ ਮਨਾਇਆ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ , ਅਗਸਤ 02
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਦੀ ਸੁਚੱਜੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਲੋਗਨ “ਕਾਮਯਾਬ ਕਿਸਾਨ, ਖੁਸ਼ਹਾਲ ਕਿਸਾਨ” ਤਹਿਤ ਪਿੰਡ ਅਰਾਈਆਂ ਵਾਲਾ ਕਲਾਂ, ਸਰਕਲ ਮਚਾਕੀ ਕਲਾਂ, ਬਲਾਕ ਫਰੀਦਕੋਟ ਦੇ ਅਗਾਂਹਵਧੂ ਕਿਸਾਨ ਜਸਪਾਲ ਸਿੰਘ ਸਰਪੰਚ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ 100 ਕਿਸਾਨਾਂ ਦੀ ਹਾਜਰੀ ਵਿੱਚ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ, ਬਲਾਕ ਖੇਤੀਬਾੜੀ ਅਫਸਰ, ਫਰੀਦਕੋਟ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਫਸਲੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਆ ਗਿਆ। ਡਾ. ਰਾਮ ਸਿੰਘ, ਏ.ਸੀ.ਡੀ.ਓ. ਨੇ ਕਿਸਾਨਾ ਨੂੰ ਖੇਤੀ ਇਨਪੁੱਟਸ ਖਰੀਦਣ ਸਮੇਂ ਪੱਕਾ ਬਿੱਲ ਲੈਣ ਲਈ ਪ੍ਰੇਰਿਤ ਕੀਤਾ ਅਤੇ ਖੇਤੀ ਜ਼ਹਿਰਾਂ ਦੀ ਵਰਤੋਂ ਘੱਟ ਕਰਕੇ ਜੈਵਿਕ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ। ਡਾ. ਕੁਲਵੰਤ ਸਿੰਘ, ਭੌਂ ਪਰਖ ਅਫਸਰ ਵੱਲੋਂ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਮਿੱਟੀ ਅਤੇ ਪਾਣੀ ਟੈਸਟ ਕਰਾਉਣ ਦੇ ਢੰਗ ਦੱਸੋ ਅਤੇ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਾ ਕੇ ਖੇਤ ਵਿੱਚ ਹੀ ਵਾਹੁਣ ਲਈ ਦੱਸਿਆ। ਇਸ ਮੌਕੇ ਸਰਕਲ ਇੰਚਾਰਜ ਡਾ. ਯਾਦਵਿੰਦਰ ਸਿੰਘ, ਏ.ਡੀ.ਓ. ਵੱਲੋਂ ਝੋਨੇ-ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਸ ਦੀ ਸੁਚੱਜੀ ਕਾਸ਼ਤ ਕਰਨ ਦੇ ਨੁਕਤੇ ਸਮਝਾਏ। ਉਹਨਾਂ ਨੇ ਤੱਤਾਂ ਦਾ ਸਹੀ ਇਸਤੇਮਾਲ ਕਰਨ, ਕੀੜੇ ਅਤੇ ਬਿਮਾਰੀਆਂ ਦਾ ਘੱਟ ਜ਼ਹਿਰ ਵਰਤ ਕੇ ਰੋਕਥਾਮ ਕਰਨ ਅਤੇ ਪਾਣੀ ਦੀ ਯੋਗ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ। ਡਾ. ਨਵਿੰਦਰਪਾਲ ਸਿੰਘ ਏ.ਡੀ.ਓ. ਵੱਲੋਂ ਆਪਣੇ ਘਰ ਦੀ ਵਰਤੋਂ ਲਈ ਗੰਨੇ ਦੀ ਬਿਜਾਈ ਕਰਨ ਬਾਰੇ ਜਾਗਰੂਕ ਕੀਤਾ। ਮੰਚ ਸੰਚਾਲਣ ਡਾ. ਸਤਬੀਰ ਸਿੰਘ ਏ.ਡੀ.ਓ.  ਟ੍ਰੇਨਿੰਗ ਨੇ ਬਾਖੂਬੀ ਕੀਤਾ। ਇਸ ਕੈਂਪ ਦੀ ਤਿਆਰੀ ਵਿੱਚ ਸੁਖਦੀਪ ਸਿੰਘ ਸੇਖੋਂ ਅਤੇ ਦਵਿੰਦਰਪਾਲ ਸਿੰਘ ਗਰੇਵਾਲ ਦਾ ਖਾਸ ਯੋਗਦਾਨ ਰਿਹਾ। ਬਾਅਦ ਵਿੱਚ ਮਨਪ੍ਰੀਤ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਕੈਂਪ ਵਿੱਚ ਲਖਵਿੰਦਰ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ ਫੌਜੀ ਵੀ ਸ਼ਾਮਿਲ ਸਨ।

More from this section