ਪੰਜਾਬ

ਸੁੰਦਰ ਸ਼ਾਮ ਅਰੋੜਾ ਵਲੋਂ ਆਕਸੀਜਨ ਪਲਾਂਟ ਦੀ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ ਹੁਸ਼ਿਆਰਪੁਰ, ਜੁਲਾਈ 19

ਇਕ ਹਜ਼ਾਰ ਐਲ.ਪੀ.ਐਮ. ਦੀ ਸਮਰੱਥਾ ਵਾਲੇ ਸਿਵਲ ਹਸਪਤਾਲ ਵਿਚ ਸਥਾਪਤ ਕੀਤੇ ਨਵੇਂ ਆਕਸੀਜਨ ਪਲਾਂਟ ਦੀ ਅੱਜ ਸ਼ੁਰੂਆਤ ਕਰਵਾਉਂਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਣ ਸਿਵਲ ਹਸਪਤਾਲ ਦੇ ਕੋਵਿਡ ਵਾਰਡ ਵਿਚ ਲਗਾਤਾਰ ਆਕਸੀਜਨ ਸਪਲਾਈ ਹਰ ਵੇਲੇ ਉਪਲਬੱਧ ਰਹੇਗੀ।

ਡੀ.ਆਰ.ਡੀ.ਓ. ਅਤੇ ਐਨ.ਐਚ.ਏ.ਆਈ. ਦੀ ਅਗਵਾਈ ਹੇਠ ਬਣੇ ਇਸ ਪਲਾਂਟ ਦੀ ਸ਼ੁਰੂਆਤ ਮੌਕੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਰੀਬ 1.40 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਇਸ ਪਲਾਂਟ ਦਾ ਕੋਵਿਡ-19 ਅਤੇ ਹੋਰ ਗੰਭੀਰ ਮਰੀਜਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਪਲਾਂਟ ਹਰ ਵੇਲੇ ਲੋੜੀਂਦੀ ਆਕਸੀਜਨ ਦੀ ਸਪਲਾਈ ਨੂੰ ਬੇਰੋਕ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬੁਨਿਆਦੀ ਢਾਂਚੇ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਕੀਤਾ ਜਾ ਚੁੱਕਾ ਹੈ ਅਤੇ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਅਤਿ-ਆਧੁਨਿਕ ਸਿਹਤ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਤਕਨੀਕ ਵਾਲੀ ਸੀ.ਟੀ. ਸਕੈਨ ਦੀ ਸਹੂਲਤ ਵੀ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸਿਵਲ ਹਸਪਤਾਲ ਵਿਚ 300 ਐਮ.ਐਚ.ਜੈਡ ਅਤੇ 500 ਐਮ.ਐਚ.ਜੈਡ ਦੇ 2 ਐਕਸਰੇ ਯੂਨਿਟ ਮਰੀਜਾਂ ਨੂੰ ਸਿਹਤ ਸਹੂਲਤ ਮੁਹੱਈਆ ਕਰਵਾ ਰਹੇ ਹਨ।

ਮੰਤਰੀ ਸੁੰਦਰ ਸ਼ਾਮ ਅਰੋੜਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵੇਂ ਬਣੇ ਆਕਸੀਜਨ ਪਲਾਂਟ ਦੀ ਸ਼ੁਰੂਆਤ ਕਰਵਾਉਂਦੇ ਹੋਏ

ਨਵੇਂ ਲਗਾਏ ਗਏ ਆਕਸੀਜਨ ਪਲਾਂਟ ਸਬੰਧੀ ਉਦਯੋਗ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਰਕੇ ਪੇਸ਼ ਆਈਆਂ ਔਕੜਾਂ ਉਪਰੰਤ ਪੰਜਾਬ ਸਰਕਾਰ ਵਲੋਂ ਇਹ ਪਲਾਂਟ ਸਥਾਪਤ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਤਹਿਤ ਹੁਣ ਕਿਸੇ ਵੀ ਮਰੀਜ ਨੂੰ ਆਕਸੀਜਨ ਸਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ ਜਿਨ੍ਹਾਂ ਵਿਚ ਕੋਵਿਡ-19 ਦੇ ਮਰੀਜਾਂ ਦੀ ਸਮੁੱਚੀ ਜਾਂਚ, ਇਲਾਜ ਅਤੇ ਹੋਰ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੋਵਿਡ-19 ਦੇ ਮਰੀਜਾਂ ਲਈ ਵਿਸ਼ੇਸ਼ ਵਾਰਡ, ਲੈਵਲ-3 ਦੇ ਮਰੀਜਾਂ ਦੀ ਦੇਖਭਾਲ ਤੇ ਇਲਾਜ ਲਈ ਵਿਸ਼ੇਸ਼ ਪ੍ਰਬੰਧਾਂ ਦੇ ਨਾਲ-ਨਾਲ ਵੈਂਟੀਲੇਟਰ ਦੀ ਸਹੂਲਤ ਵੀ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਕੋਵਿਡ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ, ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵਰਾਜ ਸਿੰਘ ਬੱਲ, ਸਿਵਲ ਸਰਜਨ ਡਾ. ਰਣਜੀਤ ਸਿੰਘ, ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਕੌਂਸਲਰ ਬਲਵਿੰਦਰ ਕੁਮਾਰ, ਕੌਂਸਲਰ ਹਰਵਿੰਦਰ ਸਿੰਘ, ਕੌਂਸਲਰ ਅਸ਼ੋਕ ਮਹਿਰਾ, ਸਰਪੰਚ ਕੁਲਦੀਪ ਅਰੋੜਾ, ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਆਦਿ ਮੌਜੂਦ ਸਨ।