ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਦਾ ਆਨਲਾਈਨ ਕੀਰਤਨ ਦਰਬਾਰ

ਫ਼ੈਕ੍ਟ ਸਮਾਚਾਰ ਸੇਵਾ ਪਟਿਆਲਾ, ਜੁਲਾਈ 22

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਉਲੀਕੇ ਗਏ ਸਮਾਗਮਾਂ ਦੀ ਲੜੀ ਤਹਿਤ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਅੱਜ ਆਨ ਲਾਈਨ ਗੁਰਬਾਣੀ ਗਾਇਨ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸ੍ਰੀ ਗੁਰੂ ਗ੍ਰੰਥ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਦੇ ਸੰਗੀਤ ਵਿਭਾਗ ਦੇ ਪ੍ਰੋ. ਸਵਰਲੀਨ ਕੌਰ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਇੰਚਾਰਜ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਕੰਵਲਜੀਤ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸੰਗੀਤਕ ਯੋਗਦਾਨ ਦੀ ਚਰਚਾ ਕਰਦਿਆਂ ਦੱਸਿਆ ਗੁਰੂ ਤੇਗ਼ ਬਹਾਦਰ ਸਾਹਿਬ ਨੇ ਬਾਣੀ ਦੇ ਭਾਵ ਅਨੁਸਾਰ ਹੀ ਰਾਗਾਂ ਦੀ ਚੋਣ ਕਰਦਿਆਂ ਗੁਰਮਤਿ ਸੰਗੀਤ ਦੇ ਪ੍ਰਸਾਰ ਵਿਚ ਵੱਡਾ ਯੋਗਦਾਨ ਪਾਇਆ ਹੈ। ਗੁਰੂ ਸਾਹਿਬ ਵੱਲੋਂ ਸ਼ਬਦ ਕੀਰਤਨ ਲਈ ਜੈਜਾਵੰਤੀ ਰਾਗ ਦਾ ਪ੍ਰਯੋਗ ਨਿਵੇਕਲਾ ਸੰਗੀਤਕ ਯਤਨ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਖ਼ੁਦ ਮਿਰਦੰਗ ਵਾਦਨ ਵਿਚ ਨਿਪੁੰਨ ਸਨ ਅਤੇ ਉਨ੍ਹਾਂ ਨੇ ਖ਼ੁਸ਼ ਹੋ ਕੇ ਆਪਣਾ ਮਿਰਦੰਗ ਮਸੰਦ ਭਾਈ ਮ੍ਰਿਗ ਨੂੰ ਭੇਟ ਕਰ ਦਿੱਤਾ ਸੀ।

ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਦਾ ਆਨਲਾਈਨ-ਸ਼ਬਦ ਗਾਇਨ

ਪ੍ਰੋ. ਸਵਰਲੀਨ ਕੌਰ ਨਾਲ ਤਾਊਸ ’ਤੇ ਸੰਗਤ ਡਾ. ਏ ਪੀ ਸਿੰਘ ਰਿਦਮ ਨੇ ਕੀਤੀ। ਦੋਨਾਂ ਦੀਰਸਭਿੰਨੀ ਸ਼ਬਦ ਕੀਰਤਨ ਪ੍ਰਸਤੁਤੀ ਨਾਲ ਇਲਾਹੀ ਨਾਦ ਦਾ ਅਲੌਕਿਕ ਮਾਹੌਲ ਸਿਰਜਿਆ ਗਿਆ। ਪ੍ਰੋ. ਸਵਰਲੀਨ ਕੌਰ ਨੇ ਦੱਸਿਆ ਕਿ ਜਦੋਂ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਗੁਰਬਾਣੀ ਗਾਇਣ ਕੀਤਾ ਜਾਂਦਾ ਹੈ ਤਾਂ ਗੁਰੂ ਆਪ ਹੀ ਕੌਤਕ ਵਰਤਾਉਂਦਾ ਹੈ ਅਤੇ ਕੀਰਤਨ ਕਾਰ ਤਾਂ ਇਕ ਜ਼ਰ੍ਹੀਆ ਹੁੰਦਾ ਹੈ।

ਆਨ ਲਾਈਨ ਸਮਾਗਮ ਵਿਚ ਭਾਈ ਅਮਰਿੰਦਰ ਸਿੰਘ ਵੱਲੋਂ ਰਬਾਬ ਵਾਹਨ ਕੀਤਾ ਗਿਆ ਅਤੇ ਭਾਈ ਮਨਿੰਦਰ ਸਿੰਘ ਨੇ ਜੋੜੀ ’ਤੇ ਸਾਥ ਦਿੱਤਾ। ਸਮਾਗਮ ਦੇ ਸਮਾਪਤੀ ’ਤੇ ਮੈਡਮ ਦੀਪਿਕਾ ਪੋਖਰਨਾ ਡਾਇਰੈਕਟਰ ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਡਾ. ਅਰਵਿੰਦ ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਹੀ ਸੰਸਥਾਵਾਂ ਵੱਲੋਂ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਚਾਅ ਨਾਲ ਮਨਾਇਆ ਜਾ ਰਿਹਾ ਹੈ। ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਦੀ ਇਹ 43ਵੀਂ ਪੇਸ਼ਕਾਰੀ ਸੀ।

 

More from this section