ਦੇਸ਼-ਦੁਨੀਆ

ਦਿੱਲੀ ‘ਚ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਮਾਰਤ ਨੂੰ ਲੱਗੀ ਅੱਗ, ਇੱਕ ਦੀ ਮੌਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਈ 13

ਪੱਛਮੀ ਦਿੱਲੀ ‘ਚ ਮੁੰਡਕਾ ਮੈਟਰੋ ਸਟੇਸ਼ਨ ਦੇ ਪਿੱਲਰ ਨੰਬਰ 544 ਨੇੜੇ ਇਕ ਇਮਾਰਤ ‘ਚ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਫਾਇਰਫਾਈਟਰ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ। ਇਮਾਰਤ ਵਿੱਚ ਕਈ ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਫਾਇਰਫਾਈਟਰਜ਼ ਨੇ ਬਚਾਇਆ। ਹਾਲਾਂਕਿ ਅੱਗ ਨਾਲ ਝੁਲਸ ਗਈ ਇਕ ਔਰਤ ਦੀ ਮੌਤ ਹੋ ਗਈ ਹੈ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਵਿਭਾਗ ਮੌਕੇ ‘ਤੇ ਪਹੁੰਚ ਗਿਆ ਅਤੇ ਇਮਾਰਤ ਦੀਆਂ ਖਿੜਕੀਆਂ ਨੂੰ ਤੋੜਿਆ। ਲੋਕਾਂ ਨੂੰ ਬਚਾਇਆ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀ ਸਮੀਰ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨ ਮੰਜ਼ਿਲਾ ਕਮਰਸ਼ੀਅਲ ਇਮਾਰਤ ਦੀ ਵਰਤੋਂ ਆਮ ਤੌਰ ‘ਤੇ ਕੰਪਨੀਆਂ ਨੂੰ ਦਫ਼ਤਰੀ ਥਾਂ ਦੇਣ ਲਈ ਕੀਤੀ ਜਾਂਦੀ ਸੀ। ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ਵਿੱਚ ਇੱਕ ਸੀਸੀਟੀਵੀ ਕੈਮਰਾ ਅਤੇ ਰਾਊਟਰ ਬਣਾਉਣ ਵਾਲੀ ਕੰਪਨੀ ਦਾ ਦਫ਼ਤਰ ਹੈ। ਕੰਪਨੀ ਦਾ ਮਾਲਕ ਪੁਲਿਸ ਹਿਰਾਸਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਦੀ ਮੌਤ ਹੋ ਗਈ ਹੈ। ਸਥਿਤੀ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।