ਧਰਮ ਤੇ ਵਿਰਸਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜਾ ਘਰ ਤੇ ਪਾਰਕਿੰਗ ਦੀ ਖੁਦਾਈ ਸਮੇਂ ਮਿਲੀ ਪੁਰਾਣੀ ਇਮਾਰਤ ਦਾ ਮਾਮਲਾ

ਫ਼ੈਕ੍ਟ ਸਮਾਚਾਰ ਸੇਵਾ ਅੰਮਿ੍ਤਸਰ , ਜੁਲਾਈ 18

ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜਾ ਘਰ ਤੇ ਪਾਰਕਿੰਗ ਦੀ ਖੁਦਾਈ ਸਮੇਂ ਮਿਲੀ ਪੁਰਾਣੀ ਇਮਾਰਤ ਬੂੰਗਾ ਗਿਆਨੀਆਂ ਦੀਆਂ ਨੀਂਹਾਂ ਹਨ। ਪੰਥਕ ਵਿਦਵਾਨ ਤੇ ਸਿੱਖ ਸਕਾਲਰ ਡਾ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਬੁੰਗਾ ਗਿਆਨੀਆਂ ਦਾ ਜ਼ਮੀਨਦੋਜ਼ ਹਿੱਸਾ ਹੈ। ਬਾਜ਼ਾਰ ਮਾਈ ਸੇਵਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਕਰੀਬ 150 ਸਾਲ ਪੁਰਾਣਾ ਨਾਤਾ ਹੈ ਤੇ ਉਹ ਖੁਦ 55 ਸਾਲ ਤੋਂ ਵਿਚਰ ਰਹੇ ਹਨ ਜਿਸ ਕਾਰਨ ਇਸ ਇਲਾਕੇ ਦੇ ਚੱਪੇ-ਚੱਪੇ ਤੋਂ ਵਾਕਫ ਹਨ।

ਡਾ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਮਾਰਤ ਬੁੰਗਾ ਗਿਆਨੀਆਂ ਦੀਆਂ ਨੀਂਹਾਂ ਹਨ ਅਤੇ ਇਸ ‘ਤੇ ਬਣੀ ਇਮਾਰਤ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਂਝੇ ਪ੍ਰਾਜੈਕਟ ਗਲਿਆਰਾ ਯੋਜਨਾ ਦੇ ਤਹਿਤ ਢਾਹ ਦਿੱਤਾ ਗਿਆ ਸੀ। ਇਸ ਇਲਾਕੇ ਦੇ ਜ਼ਮੀਨੀ ਤਲ ਆ ਜਾਣ ਕਰਕੇ ਸਰਕਾਰੀ ਠੇਕੇਦਾਰਾਂ ਨੇ ਉਸ ਸਮੇਂ ਜ਼ਮੀਨ ਦੇ ਅੰਦੂਰਨ ਵਾਲਾ ਹਿੱਸਾ ਢਾਹੁਣਾ ਜ਼ਰੂਰੀ ਨਹੀਂ ਸਮਿਝਆ।

ਸ੍ਰੀ ਦਰਬਾਰ ਸਾਹਿਬ ਦੇ ਆਸਪਾਸ 84 ਦੇ ਕਰੀਬ ਬੁੰਗੇ ਦੱਸੇ ਜਾਂਦੇ ਹਨ ਪਰ 74 ਦੇ ਕਰੀਬ ਬੁੰਗਿਆਂ ਦਾ ਨਾਂ ਤੇ ਉਨ੍ਹਾਂ ਦੇ ਟਿਕਾਣਿਆ ਦੇ ਸਰੋਤਾਂ ਦਾ ਪਤਾ ਲੱਗਦਾ ਹੈ। ਬੁੰਗਾ ਗਿਆਨੀਆਂ ਨਾਲ ਗਿਆਨੀਆਂ ਦੇ ਪਰਿਵਾਰ ਦਾ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਨਿਭਾਉਣ ਕਾਰਨ ਗਹਿਰਾ ਰਿਸ਼ਤਾ ਹੈ। ਘੰਟਾ ਘਰ ਬਾਹੀ ਤੋਂ ਲੈ ਕੇ ਬਾਬਾ ਅਟੱਲ ਰਾਏ ਸਾਹਿਬ ਦੇ ਗੁਰਦੁਆਰਾ ਸਾਹਿਬ ਤਕ ਬੁੰਗਿਆਂ ਦੇ ਇਲਾਕੇ ਸਨ ਤੇ ਹਰੇਕ ਜਗ੍ਹਾ ਦੀ ਖੁਦਾਈ ਕਰ ਲਈ ਜਾਵੇ ਤਾਂ ਜ਼ਮੀਨ ਦੇ ਅੰਦਰੋਂ ਕੁਝ ਨਾ ਕੁਝ ਪੁਰਾਤਨ ਮਿਲ ਜਾਵੇਗਾ।

ਉਨ੍ਹਾਂ ਦੱਸਿਆ ਕਿ ਜੇਕਰ ਰਾਮਗੜੀਆ ਬੁੰਗਾ ਦੀ ਤਰਜ ‘ਤੇ ਬਣੀਆਂ ਇਮਾਰਤਾਂ ਦਾ ਅੰਦਾਜ਼ਾ ਲਾਈਏ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੋਂ ਵੀ ਬਹੁਤ ਹੇਠਾਂ ਤਕ ਜ਼ਮੀਨ ‘ਚ ਕਮਰੇ ਬਣੇ ਹੋਏ ਹਨ ਜਿਸ ਦੇ ਨਾਲ ਖੂਹ ਵੀ ਮੌਜੂਦ ਹੈ। ਇਸ ਇਲਾਕੇ ਵਿਚ ਕੁਝ ਬੂੰਗੇ ਅਜਿਹੇ ਸਨ ਜੋ ਮਹਿਜ਼ ਇਕ-ਇਕ ਕਮਰੇ ਤਕ ਹੀ ਸੀਮਤ ਸਨ। ਬੰਗਾ ਉਰਦੂ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਰਿਹਾਇਸ਼ ਹੈ। ਪੁਰਾਣੇ ਸਮੇਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਆਸਪਾਸ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੇ ਆਪੋ-ਆਪਣੇ ਇਲਾਕੇ ਦੇ ਬੁੰਗੇ ਤਿਆਰ ਕਰਵਾਏ ਹੋਏ ਸਨ। ਉਨ੍ਹਾਂ ਵਿਚੋਂ ਇਕ ਬੁੰਗਾ ਗਿਆਨੀਆਂ ਦਾ ਵੀ ਸੀ।

ਉਨ੍ਹਾਂ ਦੱਸਿਆ ਕਿ ਚੰਗੇ ਵਪਾਰੀ ਸਿੱਖ ਇਨਾਂ ਬੁੰਗਿਆਂ ਦੇ ਅੰਦਰ ਖੂਹ ਵੀ ਲਗਵਾਉਂਦੇ ਸਨ ਤੇ ਖੂਹਾਂ ਦੇ ਆਸਪਾਸ ਕਮਰਿਆਂ ਦਾ ਨਿਰਮਾਣ ਵੀ ਕੀਤਾ ਜਾਂਦਾ ਸੀ ਜਿਨ੍ਹਾਂ ਨੂੰ ਸਰਦ ਖਾਨੇ ਕਿਹਾ ਜਾਂਦਾ ਸੀ।