ਪੰਜਾਬ

ਤੇਜ਼ ਬਾਰਿਸ਼ ਦੇ ਚੱਲਦੇ ਪੁਰਾਣੀ ਇਮਾਰਤ ਦਾ ਡਿੱਗਿਆ ਹਿੱਸਾ

ਫ਼ੈਕ੍ਟ ਸਮਾਚਾਰ ਸੇਵਾ
ਫਿਰੋਜ਼ਪਰ ਜੁਲਾਈ 30
ਕੱਲ ਸ਼ਾਮ ਤੋਂ ਫਿਰੋਜ਼ਪੁਰ ਵਿਚ ਹੋਈ ਤੇਜ਼ ਬਾਰਿਸ਼ ਦੇ ਚੱਲਦੇ ਸ਼ਹਿਰ ਦੇ ਬਾਬਾ ਨਾਮਦੇਵ ਚੌਂਕ ਵਿਚ ਜੋਸ਼ੀ ਪੈਲਸ ਵਾਲੀ ਜਗ੍ਹਾ ਵਿਚ ਬਣੀ ਇਕ ਪੁਰਾਣੀ ਇਮਾਰਤ ਦਾ ਹਿੱਸਾ ਡਿੱਗ ਗਿਆ, ਜਿਸ ਨਾਲ ਹੇਠਾਂ ਖੜ੍ਹੀ ਕਾਰ ਮਲਬੇ ਵਿਚ ਦੱਬ ਗਈ। ਅੱਜ ਸਵੇਰੇ ਜਦ ਇਹ ਘਟਨਾ ਹੋਈ, ਉਦੋਂ ਕੋਈ ਵੀ ਵਿਅਕਤੀ ਉੱਥੇ ਨਹੀਂ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀ ਹੋਇਆ। ਇਸ ਜਗ੍ਹਾ ’ਤੇ ਬੇਸਮੈਂਟ ਬਣਾਉਣ ਲਈ ਖੁਦਾਈ ਕੀਤੀ ਜਾ ਰਹੀ ਸੀ ਅਤੇ ਤੇਜ਼ ਬਾਰਿਸ਼ ਦੇ ਚੱਲਦੇ ਬੱਸ ਸਟੈਂਡ ਵੱਲ ਜਾਂਦੀ ਸੜਕ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਪਾਣੀ ਬੇਸਮੈਂਟ ਵਾਲੇ ਪਲਾਟ ਵਿਚ ਭਰ ਗਿਆ। ਇੱਥੋਂ ਪਾਣੀ ਕੱਢਣ ਦੇ ਲਈ ਮੋਟਰਾਂ ਲਗਾ ਦਿੱਤੀਆ ਗਈਆਂ ਹਨ। ਬਾਰਿਸ਼ ਤੇਜ਼ ਹੋਣ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਏਰੀਆ ਦੀ ਸਾਰੀ ਕੱਚੀ ਜ਼ਮੀਨ ਦੀ ਮਿੱਟੀ ਹੇਠਾਂ ਦਬਦੀ ਜਾ ਰਹੀ ਹੈ, ਜਿਸ ਕਾਰਨ ਨੇੜੇ-ਤੇੜੇ ਦੀਆਂ ਬਿਲਡਿੰਗਾਂ ਨੂੰ ਵੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਿੰਨੀ ਵਾਰ ਬੱਸ ਸਟੈਂਡ ਤੋਂ ਬਾਬਾ ਨਾਮਦੇਵ ਚੌਕ ਤੱਕ ਸੜਕ ਬਣਾਈ ਗਈ, ਓਨੀਂ ਵਾਰ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਦਾ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਹਰ ਵਾਰ ਇਸ ਏਰੀਆ ਵਿਚ ਬਾਰਿਸ਼ ਦਾ ਪਾਣੀ ਭਰ ਜਾਂਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਬਾਬਾ ਨਾਮਦੇਵ ਚੋਂਕ ਤੋਂ ਲੈ ਕੇ ਸ਼ਹਿਰ ਦੇ ਬੱਸ ਅੱਡੇ ਵੱਲ ਜਾਂਦੀ ਸੜਕ ’ਤੇ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਲਈ ਜਲਦ ਤੋਂ ਜਲਦ ਪ੍ਰਬੰਧ ਕੀਤੇ ਜਾਣ।

More from this section