ਦੇਸ਼

ਕੇਂਦਰ ਸਰਕਾਰ ਨੇ ਸਰਕਾਰੀ ਦਫ਼ਤਰਾਂ ‘ਚ ਮੁਲਾਜ਼ਮਾਂ ਦੀ ਮੌਜੂਦਗੀ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 15

ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਆ ਰਹੀ ਕਮੀ ਦੇ ਮੱਦੇਨਜ਼ਰ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮ ‘ਚ ਵਧੀਕ ਸਕੱਤਰ ਤੇ ਉਸ ਤੋਂ ਉੱਚ ਪੱਧਰ ਦੇ ਸਾਰੇ ਅਧਿਕਾਰੀਆਂ ਨੂੰ ਕੰਮਾਂ ਦੇ ਦਿਨਾਂ ‘ਚ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਹਾਲਾਂਕਿ ਦਿਵਿਆਂਗ ਤੇ ਗਰਭਵਤੀ ਮਹਿਲਾ ਅਧਿਕਾਰੀਆਂ ਨੂੰ ਘਰ ਤੋਂ ਕੰਮ ਜਾਰੀ ਰੱਖਣ ਦੀ ਮੰਜੂਰੀ ਦਿੱਤੀ ਗਈ ਹੈ।

ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਜਾਰੀ ਹੁਕਮ ਮੁਤਾਬਕ ਵਧੀਕ ਸਕੱਤਰ ਤੋਂ ਹੇਠਲੇ ਪੱਧਰ ਦੇ 50 ਫ਼ੀਸਦੀ ਅਧਿਕਾਰੀ ਕੰਮ ਦੇ ਦਿਨਾਂ ‘ਚ ਦਫ਼ਤਰ ਆਉਣਗੇ ਤੇ ਬਾਕੀ ਘਰੋਂ ਕੰਮ ਕਰਨਗੇ। ਦਫ਼ਤਰ ਆਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ। ਇਸ ‘ਚ ਕਿਸੇ ਤਰ੍ਹਾਂ ਦੀ ਢਿੱਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

ਦਫ਼ਤਰਾਂ ‘ਚ ਭੀੜ ਤੋਂ ਬਚਣ ਲਈ ਸਵੇਰੇ ਨੌਂ ਤੋਂ ਸ਼ਾਮ 5.30 ਵਜੇ, ਸਵੇਰੇ 9.30 ਤੋਂ ਸ਼ਾਮ ਛੇ ਵਜੇ ਤੇ ਸਵੇਰੇ 10 ਤੋਂ ਸ਼ਾਮ 6.30 ਵਜੇ ਤਕ ਕੰਮ ਹੋਵੇਗਾ। ਕੰਟੇਨਮੈਂਟ ਜ਼ੋਨ ‘ਚ ਰਹਿਣ ਵਾਲੇ ਅਧਿਕਾਰੀ ਤੇ ਮੁਲਾਜ਼ਮ ਘਰੋਂ ਕੰਮ ਕਰਨਗੇ। ਮੀਟਿੰਗ ਜਿਥੇ ਤਕ ਸੰਭਵ ਹੋਵੇ, ਵੀਡੀਓ ਕਾਨਫਰੰਸਿੰਗ ਨਾਲ ਹੋਵੇਗੀ ਤੇ ਵਿਜ਼ੀਟਰਜ਼ ਨਾਲ ਉਦੋਂ ਤਕ ਆਹਮੋ-ਸਾਹਮਣੇ ਮੀਟਿੰਗ ਨਹੀਂ ਹੋਵੇਗੀ ਜਦੋਂ ਤਕ ਬਹੁਤ ਜ਼ਰੂਰੀ ਨਾ ਹੋਵੇ। ਇਹ ਨਿਰਦੇਸ਼ 16 ਤੋਂ 30 ਜੂਨ ਤਕ ਪ੍ਰਭਾਵਸ਼ਾਲੀ ਹੋਣਗੇ।