ਹਰਿਆਣਾ

ਹਰਿਆਣਾ ‘ਚ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਪੇਪਰ ਲੀਕ ਮਾਮਲੇ ’ਤੇ ਹੰਗਾਮਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਅਗਸਤ 25

ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਪੇਪਰ ਲੀਕ ਮਾਮਲੇ ’ਤੇ ਭਾਰੀ ਹੰਗਾਮਾ ਹੋਇਆ। ਸੈਸ਼ਨ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਚਾਲੇ ਕਾਫ਼ੀ ਬਹਿਸ ਹੋਈ, ਜਿਸ ਮਗਰੋਂ ਕਾਂਗਰਸੀ ਵਿਧਾਇਕਾਂ ਵੱਲੋਂ ਵਾਕਆਊਟ ਕਰ ਦਿੱਤਾ ਗਿਆ। ਇਸ ਦੌਰਾਨ ਸਰਕਾਰ ਨੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਰੋਕਣ ਲਈ ਇੱਕ ਬਿੱਲ ਲਿਆਂਦਾ, ਜਿਸ ਦਾ ਕਾਂਗਰਸੀ ਵਿਧਾਇਕਾਂ ਨੇ ਵਿਰੋਧ ਕੀਤਾ ਜਿਸ ਕਾਰਨ ਸਰਕਾਰ ਨੇ ਬਿੱਲ ਵਾਪਸ ਲੈ ਲਿਆ ਤੇ ਬਾਅਦ ਵਿੱਚ ਸੋਧ ਕੇ ਪੇਸ਼ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪੇਪਰ ਲੀਕ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ, ਜਿਸ ਦਾ ਮੁੱਖ ਮੰਤਰੀ ਨੇ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲੀਸ ਪੇਪਰ ਲੀਕ ਮਾਮਲੇ ਸਬੰਧੀ ਜਾਂਚ ਕਰਦਿਆਂ ਮੁਲਜ਼ਮਾਂ ਤੱਕ ਪਹੁੰਚ ਗਈ ਹੈ ਤੇ ਪੁਲੀਸ ਨੇ ਜੰਮੂ ਵਿੱਚ ਪੈਨ ਡਰਾਈਵ ਰਾਹੀਂ ਪੇਪਰ ਲੀਕ ਕਰਨ ਵਾਲੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਹਰਿਆਣਾ ਪੁਲੀਸ 18 ਤੋਂ 20 ਦਿਨਾਂ ਵਿੱਚ ਮਾਮਲੇ ਦੀ ਡੂੰਘਾਈ ਤੱਕ ਪਹੁੰਚੀ ਤੇ ਹੁਣ ਤੱਕ ਪੁਲੀਸ ਵੱਲੋਂ 25 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਸੂਬੇ ਵਿੱਚ 1200 ਨਾਜਾਇਜ਼ ਕਲੋਨੀਆਂ ਨੂੰ ਮਾਨਤਾ ਦਿੱਤੀ ਗਈ ਹੈ।

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵਿਰੋਧੀ ਧਿਰ ਨੂੰ ਬਿੱਲਾਂ ਵਿੱਚ ਕਮੀਆਂ ’ਤੇ ਚਰਚਾ ਕਰਨਾ ਦਾ ਮੌਕਾ ਦਿੱਤਾ ਪਰ ਉਨ੍ਹਾਂ ਚਰਚਾ ਦੀ ਥਾਂ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦਾ ਵਿਰੋਧ ਕੀਤਾ। ਇਸ ਤਰ੍ਹਾਂ ਵਿਰੋਧੀ ਧਿਰ ਸੂਬੇ ਦੇ ਵਿਕਾਸ ਵਿੱਚ ਰੁਕਾਵਟ ਖੜ੍ਹੀ ਕਰ ਰਹੀ ਹੈ।