ਪੰਜਾਬ

ਨਵਾਂ ਪੰਜਾਬ ਬਣਾਉਣ ਲਈ, ਨਵਾਂ ਬਟਨ ਦਬਾਉਣਾ ਹੈ ‘ਝਾੜੂ’ ਵਾਲਾ : ਭਗਵੰਤ ਮਾਨ

ਮੁੱਖ ਮੰਤਰੀ ਚੰਨੀ, ਬਾਦਲ ਅਤੇ ਕੈਪਟਨ ਨੂੰ ਲਾਏ ਰਗੜੇ

ਫੈਕਟ ਸਮਾਚਾਰ ਸੇਵਾ
ਚੱਬੇਵਾਲ , ਦਸੰਬਰ 18

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਅਪੀਲ ਕਰਦਿਆਂ ਕਿਹਾ ਕਿ ਨਵਾਂ ਪੰਜਾਬ ਬਣਾਉਣ ਲਈ, ਨਵਾਂ ਬਟਨ ਦਬਾਉਣਾ ਹੈ ‘ਝਾੜੂ’ ਵਾਲਾ ਬਟਨ। ਤੱਕੜੀ, ਪੰਜਾ ਅਤੇ ਕਮਲ ਆਦਿ ‘ਚ ਉਲਝੇ ਨਹੀਂ ਰਹਿਣਾ, ਹੁਣ ਇੱਕ ਮੌਕਾ ਕੇਜਰੀਵਾਲ ਨੂੰ ਹੈ ਦੇਣਾ। ਇਹ ਅਪੀਲ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੱਬੇਵਾਲ ਅਤੇ ਟਾਂਡਾ ਉੜਮੜ ਵਿੱਚ ਆਮ ਆਦਮੀ ਪਾਰਟੀ ਦੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੀਤੀ।

ਸੂਬਾ ਪ੍ਰਧਾਨ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਰ- ਘਰ ਅਤੇ ਆਪਣੇ ਦੋੋਸਤਾਂ- ਮਿੱਤਰਾਂ ਤੱਕ ਸੁਨੇਹਾ ਲਾ ਦਿਓ ਕਿ ਆਮ ਆਦਮੀ ਪਾਰਟੀ ਵਾਲੇ ਹੀ ਪੰਜਾਬ ਦੇ ਚੁੱਲਿਆਂ ਦੀ ਅੱਗ ਬਾਲਣ ਅਤੇ ਸਿਵਿਆਂ ਦੀ ਅੱਗ ਬੁਝਾਉਣ ਦੀ ਗੱਲ ਕਰਦੇ ਹਨ, ਸੋ ਹੁਣ ਇੱਕ ਮੌਕਾ ਕੇਜਰੀਵਾਲ ਨੂੰ ਦੇ ਕੇ ਪੰਜਾਬ ਨੂੰ ਮੁੱੜ ਖੁਸ਼ਹਾਲ ਪੰਜਾਬ ਬਣਾਉਣਾ ਹੈ। ਉਨਾਂ ਕਿਹਾ ਕਿ ‘ਆਪ’ ਦੇ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਹਨ, ਉਹ ਕਰਕੇ ਦਿਖਾਉਂਦੇ ਹਨ, ਜਿਨਾਂ ਨੇ ਦਿੱਲੀ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਕੇ ਦਿੱਲੀ ਸਰਕਾਰ ਦੇ ਬਜ਼ਟ ਵਿੱਚ ਵਾਧਾ ਕੀਤਾ ਅਤੇ ਇਸ ਵਾਧੂ ਪੈਸੇ ਨਾਲ ਦਿੱਲੀ ਦੇ ਆਮ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ, ਚੰਗੀ ਸਿੱਖਿਆ ਅਤੇ ਚੰਗੇ ਇਲਾਜ ਜਿਹੀਆਂ ਸਹੂਲਤਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗੱਲ ਕਰਦੇ ਹਨ ਤਾਂ ਕਾਂਗਰਸੀ, ਅਕਾਲੀ, ਭਾਜਪਾਈ ਸਭ ਮਿਲੇ ਕੇ ਕੇਜਰੀਵਾਲ ਦਾ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਕਿ ਕੇਜਰੀਵਾਲ ਲੋਕਾਂ ਨੂੰ ਮੁਫ਼ਤ ਸਹੂਲਤਾਂ ਦਿੰਦਾ ਹੈ। ਉਨਾਂ ਕਿਹਾ ਕਿ ਜਦੋਂ ਲੋਕਾਂ ਦੇ ਪੈਸੇ ਨਾਲ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਹੋਰ ਆਗੂ ਬਿਜਲੀ, ਪਾਣੀ, ਟੈਲੀਫੋਨ, ਜਹਾਜ਼ਾਂ ਦੇ ਝੂਟੇ ਮੁਫ਼ਤ ਵਿੱਚ ਲੈਂਦੇ ਹਨ ਤਾਂ ਆਮ ਲੋਕਾਂ ਨੂੰ ਕਿਉਂ ਨਹੀਂ ਮੁੱਫ਼ਤ ਤੇ ਚੰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ? ਮਾਨ ਨੇ ਦੱਸਿਆ ਕਿ ਔਰਤਾਂ ਨੂੰ 1000 ਰੁਪਏ ਦੇਣ ਲਈ ਕੇਵਲ 8200 ਕਰੋੜ ਰੁਪਏ ਦੀ ਲੋੜ ਹੈ, ਜਿਹੜਾ ਕੇਵਲ ਰੇਤ ਮਾਫੀਆਂ ਬੰਦ ਕਰਨ ‘ਤੇ ਮਿਲ ਜਾਵੇਗਾ ਕਿਉਂਕਿ ਰੇਤ ਮਾਫੀਆ ਵੱਲੋਂ 20 ਹਜ਼ਾਰ ਕਰੋੜ ਰੁਪਏ ਦੀ ਚੋਰੀ ਕੀਤੀ ਜਾਂਦੀ ਅਤੇ ਇਹ ਪੈਸੇ ਕਾਂਗਰਸੀਆਂ ਦੀਆਂ ਜੇਬਾਂ ਵਿੱਚ ਜਾਂਦਾ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਟਿਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚੰਨੀ ਸਾਬ ਨੇ ਪੌਣੇ ਪੰਜ ਸਾਲ ਤਕਨੀਕੀ ਸਿੱਖਿਆ ਮੰਤਰੀ ਰਹਿੰਦਿਆਂ ਕੁੱਝ ਨਹੀਂ ਕੀਤੀ, ਹੁਣ ਕੀ ਕਰ ਲਵੇਗਾ। ਮੰਤਰੀ ਹੁੰਦਿਆਂ ਸਭ ਤੋਂ ਵੱਧ ਰੁਜ਼ਗਾਰ ਮੇਲੇ ਚੰਨੀ ਸਾਬ ਨੇ ਹੀ ਲਾਏ ਹਨ, ਪਰ ਸਰਕਾਰੀ ਨੌਕਰੀ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਨਹੀਂ ਮਿਲੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦਿਆਂ ਮਾਨ ਨੇ ਕਿਹਾ ਕਿ 2017 ‘ਚ ਕਾਂਗਰਸੀ ਕਹਿੰਦੇ ਸਨ ਕਿ ‘ਕੈਪਟਨ ਨੇ ਸਹੁੰ ਚੁੱਕੀ, ਹਰ ਘਰ ਨੌਕਰੀ ਪੱਕੀ’ ਅਤੇ ਇਹ ਨੌਕਰੀ ਦੇਣ ਵਾਲਾ ਹੁਣ ਖ਼ੁੱਦ ਬੇਰੁਜ਼ਾਗਰ ਹੋ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਘਰ- ਘਰ ਨੌਕਰੀ, ਪੰਜ- ਪੰਜ ਮਰਲੇ ਦੇ ਪਲਾਟ, ਸਮਾਰਟ ਫੋਨ ਅਤੇ ਸ਼ਗਨ ਦੇਣ ਦੇ ਵਾਅਦੇ ਸਭ ਕੋਝੇ ਮਜ਼ਾਕ ਸਾਬਤ ਹੋਏ ਹਨ। ਕਾਂਗਰਸ ਸਰਕਾਰ ਪੰਜਾਬ ਵਾਸੀਆਂ ਨੂੰ 80 ਦਿਨਾਂ ਦਾ ਹਿਸਾਬ ਦਿੰਦੀ ਹੈ, ਪਰ ਲੋਕ 5 ਸਾਲਾਂ ਦਾ ਹਿਸਾਬ ਮੰਗਦੇ ਹਨ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਵਾਲੇ 94 ਸਾਲਾ ਬਾਬਾ ਬਾਦਲ ਨੂੰ ਚੁੱਕ ਕੇ ਸਟੇਜ ‘ਤੇ ਲਿਆ ਕੇ ਕਹਿੰਦੇ ਹਨ ‘ਇੱਕ ਮੌਕਾ ਹੋਰ ਦੇ ਦਿਓ’। ਸੱਤਰ ਸਾਲਾਂ ‘ਚ ਇਨਾਂ ਨੂੰ ਮੌਕੇ ਦਿੰਦੇ ਆ ਰਹੇ ਹਾਂ। ਸਭ ਕੁੱਝ ਤਾਂ ਲੁੱਟ ਕੇ ਲੈ ਗਏ। ਉਨਾਂ ਕਿਹਾ ਬਾਦਲ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕਾਲ਼ੇ ਖੇਤੀ ਕਾਨੂੰਨਾਂ ਦੀ ਹਿਮਾਇਤ ਕਰਦਾ ਰਿਹਾ, ਪਰ ਜਦੋਂ ਕਿਸਾਨਾਂ ਨੇ ਸੰਘਰਸ਼ ਕੀਤਾ ਤਾਂ ਕੁਰਸੀ ਛੱਡ ਕੇ ਕਹਿੰਦੇ ਅਸੀਂ ਕਿਸਾਨਾਂ ਲਈ ਕੁਰਬਾਨੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਨਰਿੰਦਰ ਮੋਦੀ ਕਾਲੇ ਕਾਨੂੰਨ ਲੈ ਕੇ ਆਇਆ ਸੀ, ਪਰ ਹੁਣ ਇੱਕ ਸਾਲ ਬਾਅਦ ਕਹਿੰਦਾ ਕਿ ਉਹ ਇਹ ਕਾਨੂੰਨ ਵਾਪਸ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਝਾੜੂ ਵਾਲਾ ਬਟਨ ਦਬਾ ਕੇ ਦੇਖ ਲਵੋ। ਤੁਹਾਡੇ ਧੀਆਂ ਪੁੱਤ ਵਿਧਾਨ ਸਭਾ ਵਿੱਚ ਜਾਣਗੇ ਅਤੇ ਤੁਹਾਡੇ ਲਈ ਹੀ ਕਾਨੂੰਨ ਬਣਾਉਣਗੇ, ਨਾ ਕਿ ਕਾਰਪੋਰੇਟਰਾਂ ਲਈ ਕਾਨੂੰਨ ਬਣਾਉਣਗੇ।

ਆਮ ਆਦਮੀ ਪਾਰਟੀ ‘ਚ ਇਸ ਮੌਕ ਟਾਂਡਾ ਉੜਮੁੜ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਰਾਜਾ, ਜਗਜੀਵਨ ਸਿੰਘ ਜੱਗੀ, ਸਤਵੰਤ ਜੱਗੀ, ਅਵਤਾਰ ਸਿੰਘ, ਜੋਗਿੰਦਰ ਸਿੰਘ, ਤਰਸੇਮ ਲਾਲ, ਸੁਰਿੰਦਰ ਪਾਲ ਸਿੰਘ, ਮਨਜੀਤ ਸਿੰਘ , ਹਰਮਿੰਦਰ ਸਿੰਘ, ਹਰਨਾਮ ਦਾਸ ਅਤੇ ਚੱਬੇਵਾਲ ਤੋਂ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਚੱਬੇਵਾਲ, ਜਿਲਾ ਪ੍ਰਧਾਨ ਮੋਹਨ ਲਾਲ, ਲੋਕ ਸਭਾ ਇੰਚਾਰਜ ਡਾ. ਹਰਮਿੰਦਰ ਬਖਸ਼ੀ, ਜਿਲਾ ਪ੍ਰਧਾਨ ਕਿਸਾਨ ਵਿੰਗ ਜਸਵੀਰ ਸਿੰਘ, ਸੁਰਿੰਦਰ ਪਾਲ ਸਿੰਘ ਸੰਧੂ, ਕਰਮਵੀਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਪਾਬਲਾ, ਉੰਕਾਰ ਸਿੰਘ, ਕਰਮਜੀਤ ਕੌਰ ਆਦਿ ਹਾਜਰ ਸਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos