ਪੰਜਾਬ

‘ਆਪ’ ਦੀ ਸਰਕਾਰ ਵੱਲੋਂ ਕੋਰੋਨਾ ਯੋਧਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਬਣਦੇ ਭੱਤੇ ਦਿੱਤੇ ਜਾਣਗੇ: ਭਗਵੰਤ ਮਾਨ

ਭਗਵੰਤ ਮਾਨ ਨੇ ਗੁਰਪ੍ਰੀਤ ਕੌਰ ਬਿੰਦਰ ਅਤੇ ਸਤਿੰਦਰ ਕੌਰ ਦਾ ਮਰਨ ਵਰਤ ਖੁਲ੍ਹਵਾਇਆ ਗਿਆ

ਫੈਕਟ ਸਮਾਚਾਰ ਸੇਵਾ
ਪਟਿਆਲਾ, ਜਨਵਰੀ 4

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰਜਿੰਦਰਾ ਹਸਪਤਾਲ ਵਿਖੇ ਧਰਨੇ ਅਤੇ ਮਰਨ ਵਰਤ ’ਤੇ ਬੈਠੇ ‘ਕੋਰੋਨਾ ਯੋਧਿਆ’ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਮੁਸ਼ਕਲਾਂ ਬਾਰੇ ਜਾਨਣ ਤੋਂ ਬਾਅਦ ਮਰਨ ਵਰਤ ’ਤੇ ਬੈਠੀਆਂ ਮਹਿਲਾਵਾਂ ਨੂੰ ਪਾਣੀ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਤੁੜਵਾਇਆ। ਭਗਵੰਤ ਮਾਨ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਦੀ ਬਲੀ ਨਾ ਦੇਣ ਕਿਉਂਕਿ ਪੰਜਾਬ ਦੀ ਸੱਤਾ ’ਤੇ ਬੈਠੇ ਲੋਕ ਪੱਥਰ ਦਿਨ ਹੋ ਗਏ ਹਨ ਅਤੇ ਉਨ੍ਹਾਂ ਨੂੰ ਕਿਸੇ ਦੇ ਧੀ ਪੁੱਤ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਕੋਰੋਨਾ ਯੋਧਿਆਂ ਸਮੇਤ ਹੋਰਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਬਣਦੇ ਭੱਤੇ ਵੀ ਦਿੱਤੇ ਜਾਣਗੇ।

‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਰਜਿੰਦਰਾ ਹਸਪਤਾਲ ਦੀ ਛੱਤ ਉਤੇ ਮਰਨ ਵਰਤ ’ਤੇ ਬੈਠੀਆਂ ਕੋਰੋਨਾ ਵਰੀਅਰ ਬੀਬੀਆਂ ਗੁਰਪ੍ਰੀਤ ਕੌਰ ਬਿੰਦਰ ਅਤੇ ਸਤਿੰਦਰ ਕੌਰ ਆਦਿ ਨੂੰ ਪਾਣੀ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁਲ੍ਹਵਾਇਆ ਗਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਹਸਪਤਾਲਾਂ ਵਿੱਚ ਡਾਟਕਰ ਜਾਂ ਹੋਰ ਮੁਲਾਜ਼ਮ ਨਹੀਂ ਹਨ, ਸਕੂਲਾਂ ਵਿੱਚ ਅਧਿਆਪਕ ਨਹੀਂ ਅਤੇ ਦਫ਼ਤਰਾਂ ਵਿੱਚ ਮੁਲਾਜ਼ਮ ਨਹੀਂ ਹਨ। ਪਰ ਚੰਨੀ ਸਰਕਾਰ ਕੰਮ ਕਰਨ ਦੇ ਝੂਠੇ ਬੋਰਡ ਲਗਵਾ ਕੇ ਪੰਜਾਬ ਦੀਆਂ ਕੰਧਾਂ ਅਤੇ ਦਰਖ਼ਤਾਂ ਨੂੰ ਭਰਨ ਲੱਗੀ ਹੋਈ ਹੈ। ਡਾਕਟਰ, ਮਾਸਟਰ, ਨਰਸ਼ਾਂ ਸਮੇਤ ਕੋੋਰੋਨਾ ਯੋਧੇ ਆਪਣੀਆਂ ਮੰਗਾਂ ਲਈ ਪੰਜਾਬ ਭਰ ਵਿੱਚ ਟਾਵਰਾਂ, ਟੈਂਕੀਆਂ, ਸੜਕਾਂ ਅਤੇ ਛੱਤਾਂ ’ਤੇ ਚੜ੍ਹ ਕੇ ਧਰਨੇ ਲਾ ਰਹੇ ਹਨ। ਕਾਂਗਰਸ ਦੇ ਮੰਤਰੀ ਕੁਰਸੀ ਦੀ ਲੜਾਈ ਲਈ ਆਪਸ ਵਿੱਚ ਲੜ੍ਹ ਰਹੇ ਹਨ, ਪਰ ਲੋਕ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ।’’

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਕੋਰੋਨਾ ਯੋਧਿਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਹਨ ਅਤੇ ਕੋਰੋਨਾ ਯੋਧੇ ਦੀ ਮੌਤ ’ਤੇ ਇੱਕ ਕਰੋੜ ਰੁਪਏ ਪਰਿਵਾਰ ਨੂੰ ਅਰਥਿਕ ਮਦਦ ਵਜੋਂ ਦਿੱਤੇ ਹਨ, ਪਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਕੋੋਰੋਨਾ ਯੋਧਿਆਂ ਨੂੰ ਸੜਕਾਂ ਅਤੇ ਛੱਤਾਂ ’ਤੇ ਰੋਲ਼ਿਆ ਜਾ ਰਿਹਾ ਹੈ। ਕੋਰੋਨਾ ਯੋਧਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਸਗੋਂ ਇਨ੍ਹਾਂ ’ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।

 

ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੰਨ ਖੱਟਣ ਦੀ ਅਪੀਲ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਚੰਨੀ ਕੋਰੋਨਾ ਯੋਧਿਆਂ ਨੂੰ ਰੈਗੂਲਰ ਕਰਨ ਦਾ ਘੱਟੋ- ਘੱਟ ਨੋਟੀਫ਼ਿਕੇਸ਼ਨ ਹੀ ਜਾਰੀ ਕਰ ਦੇਣ ਅਤੇ ਇਸ ਨੋਟੀਫਿਕੇਸ਼ਨ ਨੂੰ ਅਮਲੀ ਰੂਪ ਅਪ੍ਰੈਲ ਮਹੀਨੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੇਵੇਗੀ, ਕਿਉਂਕਿ ਪੰਜਾਬ ’ਚ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਤਾਂ ਬਣਨੀ ਕੋਈ ਨਹੀਂ। ‘ਆਪ’ ਦੀ ਸਰਕਾਰ ਬਣਨ ’ਤੇ ਕੋਰੋਨਾ ਯੋਧਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਬਣਦੇ ਭੱਤੇ ਵੀ ਦਿੱਤੇ ਜਾਣਗੇ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਪੰਜਾਬ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਹਰੇਕ ਦਰਖ਼ਤ ’ਤੇ ਲਗਵਾ ਦਿੱਤੇ ਹਨ, ਪਰ ਹੁਣ ਕਹਿੰਦੇ ਹਨ ਕਿ ਕੱਚੇ ਮੁਲਾਜ਼ਮਾਂ ਦੀ ਫਾਇਲ ’ਤੇ ਰਾਜਪਾਲ ਦਸਤਖ਼ਤ ਨਹੀਂ ਕਰ ਰਹੇ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੁਲਾਜ਼ਮ ਪੱਕੇ ਕੀਤੇ ਨਹੀਂ ਤਾਂ ਬੋਰਡ ਕਿਉਂ ਲਗਵਾਏ? ਬੋਰਡਾਂ ’ਤੇ ਖ਼ਜ਼ਾਨੇ ਦੇ ਕਰੋੜਾਂ ਰੁਪਏ ਕਿਉਂ ਬਰਬਾਦ ਕੀਤਾ? ਖ਼ਜ਼ਾਨੇ ਦਾ ਪੈਸਾ ਕੋਰੋਨਾ ਯੋਧਿਆਂ ’ਤੇ ਕਿਉਂ ਨਹੀਂ ਖ਼ਰਚਿਆ? ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਔਰਤਾਂ ਲਈ ਕੀਤੇ ਐਲਾਨਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਔਰਤਾਂ ਨੂੰ ਇੱਕ- ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ, ਉਦੋਂ ਤਾਂ ਸਾਰੇ ਕਾਂਗਰਸੀ ਕੇਜਰੀਵਾਲ ਅਤੇ ਉਨ੍ਹਾਂ (ਮਾਨ) ਨੂੰ ਗਾਲਾਂ ਕੱਢਦੇ ਸਨ। ਪੁੱਛਦੇ ਸਨ ਕਿ ਔਰਤਾਂ ਲਈ ਪੈਸਾ ਕਿਥੋਂ ਆਵੇਗਾ? ਅੱਜ ਸਿੱਧੂ ਆਪ ਹੀ ਮੁਫ਼ਤ ਸਕੀਮਾਂ ਦਾ ਐਲਾਨ ਕਰਨ ਲੱਗ ਪਏ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਖਾਲ੍ਹੀ ਹੋਣ ਦੇ ਬਹਾਨੇ ਕਰਨ ਵਾਲਿਆਂ ਤੋਂ ‘ਆਪ’ ਦੀ ਸਰਕਾਰ ਵੱਲੋਂ ਜ਼ਰੂਰ ਹਿਸਾਬ ਲਿਆ ਜਾਵੇਗਾ। ਸਰਕਾਰੀ ਖਜ਼ਾਨਾ ਭਰਿਆ ਜਾਵੇਗਾ ਅਤੇ ਇਸ ਖਜ਼ਾਨੇ ਦੇ ਪੈਸੇ ਨਾਲ ਅਧਿਆਪਕਾਂ, ਡਾਕਟਰਾਂ, ਨਰਸਾਂ, ਕੋਰੋਨਾ ਯੋਧਿਆਂ ਅਤੇ ਹੋਰਨਾਂ ਮੁਲਾਜਮਾਂ ਸਮੇਤ ਸਾਰੇ ਵਰਗਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਡਾ. ਬਲਬੀਰ ਸਿੰਘ , ਹਰਮੀਤ ਸਿੰਘ ਪਠਾਨਮਾਜਰਾ, ਕੁੰਦਨ ਗੋਗੀਆ, ਪ੍ਰੋਫ਼ੈਸਰ ਸੁਮੇਰ ਸੀਰਾ, ਜਗਤਾਰ ਸਿੰਘ ਤਾਰੀ, ਡਾ. ਸਿਮਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਢੀਂਡਸਾ, ਅਨਿਲ ਮਹਿਰਾ, ਗੁਰਪ੍ਰੀਤ ਸਿੰਘ, ਲੱਕੀ ਲਹਿਲ, ਅਸ਼ੋਕ ਬੰਗੜ ਅਤੇ ਪੁਨੀਤ ਬੁੱਧੀਰਾਜਾ ਹਾਜ਼ਰ ਸਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos