ਚੰਡੀਗੜ੍ਹ

ਮੇਅਰ ਰਵੀ ਕਾਂਤ ਸ਼ਰਮਾ ਵਲੋਂ ਬੁੜੈਲ ’ਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 20

ਮੇਅਰ ਰਵੀ ਕਾਂਤ ਸ਼ਰਮਾ ਨੇ ਪਿੰਡ ਬੁੜੈਲ ਵਿੱਚ ਭਾਰੀ ਸੁਰੱਖਿਆ ਬੰਦੋਬਸਤ ਹੇਠ ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਪਿੰਡ ਵਿੱਚ ਸੀਵਰੇਜ ਲਾਈਨ ਸਮੇਤ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੀਣ ਦੇ ਪਾਣੀ ਸਬੰਧੀ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜ ਸ਼ਾਮਲ ਹਨ।

ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਇਲਾਕਾ ਕੌਂਸਲਰ ਕਨਵਰ ਸਿੰਘ ਰਾਣਾ ਵੱਲੋਂ ਇਲਾਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਸੋਹਲੇ ਗਾਏ। ਇਸ ਮੌਕੇ ਹਾਜ਼ਰ ਸਾਬਕਾ ਮੇਅਰ ਅਤੇ ਮੌਜੂਦਾ ਕੌਂਸਲਰ ਦਵੇਸ਼ ਮੋਦਗਿੱਲ ਨੇ ਕਿਹਾ ਕਿ ਨਗਰ ਨਿਗਮ ਦੇ ਸਭ ਤੋਂ ਨੌਜਵਾਨ ਕੌਂਸਲਰ ਕਨਵਰ ਸਿੰਘ ਰਾਣਾ ਨੇ ਪਿੰਡ ਬੁੜੈਲ ਸਮੇਤ ਸੈਕਟਰ 45 ਵਿੱਚ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ ਹੈ। ਜਨ ਸਿਹਤ ਵਿਭਾਗ ਦੇ ਐੱਸਈ ਸ਼ਲਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਮੇਤ ਪਿੰਡ ਦੀ ਲਾਇਬ੍ਰੇਰੀ ਨੇੜੇ ਸੀਵਰੇਜ ਦੀ ਨਿਕਾਸੀ ਅਤੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੇ ਸਪਲਾਈ ਲਾਈਨ ਲਈ ਲਗਪਗ 1 ਕਰੋੜ 60 ਹਜ਼ਾਰ ਨਾਲ ਕੰਮ ਕਰਵਾਏ ਜਾਣਗੇ ਤੇ ਇਹ ਕਾਰਜ ਚਾਰ ਮਹੀਨਿਆਂ ਤੱਕ ਪੂਰਾ ਹੋਣ ਦੀ ਉਮੀਦ ਹੈ।