ਪੰਜਾਬ

ਕਿਰਤ ਵਿਭਾਗ ਮੋਗਾ ਵਲੋਂ 792 ਲਾਭਪਾਤਰੀਆਂ ਦੀਆਂ ਅਰਜ਼ੀਆਂ ਮੰਨਜੂਰ

ਫੈਕਟ ਸਮਾਚਾਰ ਸੇਵਾ ਮੋਗਾ, ਸਤੰਬਰ 8

ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਵੱਖ ਵੱਖ ਲਾਭਪਾਤਰੀਆਂ ਨੂੰ ਵਿਭਾਗੀ ਸਕੀਮਾਂ ਜਰੀਏ ਹਰ ਸੰਭਵ ਸਹਾਇਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਜਰੀਏ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਲੇਬਰ ਨਾਲ ਸਬੰਧਤ ਰਜਿਸਟਰਡ ਕਾਮੇ ਸਮੇਂ ਸਮੇਂ ਤੇ ਆਰਥਿਕ ਮੱਦਦ ਲੈ ਰਹੇ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਹਾਇਕ ਕਿਰਤ ਕਮਿਸ਼ਨਰ ਮੋਗਾ ਬਲਜੀਤ ਸਿੰਘ ਨੇ ਦੱਸਿਆ ਕਿ ਰਜਿਸਟਰਡ ਕਾਮਿਆਂ ਨੂੰ ਬੀ.ਓ.ਸੀ.ਡਬਲਯੂ ਬੋਰਡ (ਪੰਜਾਬ ਬਿਲਡਿੰਗ ਐਂਡ ਅਦਰ ਕਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ) ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਵਿੱਚ ਸਬੰਧਤ ਸਬ ਡਿਵੀਜ਼ਨਲ ਕਮੇਟੀ ਮੈਂਬਰਾਂ ਵੱਲੋਂ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀ.ਓ.ਸੀ.ਡਬਲਯੂ ਬੋਰਡ ਬਾਘਾਪੁਰਾਣਾ ਸਬ ਡਿਵੀਜ਼ਨਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਰਾਜਪਾਲ ਸਿੰਘ ਅਤੇ ਸਬ ਡਿਵੀਜ਼ਨਲ ਕਮੇਟੀ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਦੀ ਪ੍ਰਧਾਨਗੀ ਉਪ ਮੰਡਲ ਮੈਜਿਸਟ੍ਰੇਟ ਰਾਮ ਸਿੰਘ ਨੇ ਕੀਤੀ।

ਬਲਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ .ਓ.ਸੀ.ਡਬਲਯੂ ਬੋਰਡ (ਪੰਜਾਬ ਬਿਲਡਿੰਗ ਐਂਡ ਅਦਰ ਕਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ) ਅਧੀਨ ਨਿਹਾਲ ਸਿੰਘ ਵਾਲਾ ਦੀ ਸਬ ਡਿਵੀਜ਼ਨਲ ਕਮੇਟੀ ਦੀ ਮੀਟਿੰਗ ਵਿੱਚ ਵੱਖ ਵੱਖ ਰਜਿਸਟਰਡ ਲਾਭਪਾਤਰੀਆਂ ਦੀਆਂ 205 ਅਰਜ਼ੀਆਂ ਪਾਸ ਕੀਤੀਆਂ ਗਈਆਂ ਜਿੰਨ੍ਹਾਂ ਜਰੀਏ ਇਨ੍ਹਾਂ ਲਾਭਪਾਤਰੀਆਂ ਨੂੰ 24.65 ਲੱਖ ਰੁਪਏ ਦੀ ਅਰਥਿਕ ਮੱਦਦ ਮਿਲੇਗੀ। ਇਸ ਤੋਂ ਇਲਾਵਾ ਬਾਘਾਪੁਰਾਣਾ ਵਿਖੇ ਕੀਤੀ ਮੀਟਿੰਗ ਵਿੱਚ ਵੱਖ ਵੱਖ ਲਾਭਪਾਤਰੀਆਂ ਦੀਆਂ 587 ਅਰਜ਼ੀਆਂ ਪਾਸ ਕੀਤੀਆਂ ਗਈਆਂ ਜਿੰਨ੍ਹਾਂ ਜਰੀਏ ਲਾਭਪਾਤਰੀਆਂ ਨੂੰ 66.85 ਰੁਪਏ ਦੀ ਆਰਥਿਕ ਮੱਦਦ ਮਿਲੇਗੀ।

ਇਸ ਮੀਟਿੰਗ ਵਿੱਚ ਸਹਾਇਕ ਕਿਰਤ ਕਮਿਸ਼ਨਰ, ਮੋਗਾ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਸਾਰੇ ਕਮੇਟੀ ਦੇ ਕਮੇਟੀ ਮੈਂਬਰਾਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਲੇਬਰ ਇਨਫੋਰਸਮੈਂਟ ਅਫ਼ਸਰ ਕਰਨ ਗੋਇਲ ਨੇ ਕਮੇਟੀ ਮੈਂਬਰਾਂ ਨੂੰ ਬੀ.ਓ.ਸੀ.ਡਬਲਯੂ. ਬੋਰਡ ਅਧੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਿਭਾਗਾਂ ਨਾਲ ਜੁੜੇ ਠੇਕੇਦਾਰਾਂ ਨੂੰ ਨਿਰਦੇਸ਼ ਦੇਣ ਕਿ ਉਹ ਆਪਣੀ ਲੇਬਰ ਨੂੰ ਬੋਰਡ ਦੁਆਰਾ ਰਜਿਸਟਰਡ ਹੋਣ ਲਈ ਜਾਗਰੂਕ ਕਰਨ ਤਾਂ ਜੋ ਯੋਗ ਮਜ਼ਦੂਰ ਵਿਭਾਗ ਨਾਲ ਰਜਿਸਟਰ ਹੋ ਕੇ ਵੱਖ ਵੱਖ ਭਲਾਈ ਸਕੀਮਾਂ ਦਾ ਲਾਹਾ ਲੈ ਸਕਣ। ਮੀਟਿੰਗ ਵਿੱਚ ਪੀ.ਡਬਲਯੂ.ਡੀ, ਪੰਚਾਇਤੀ ਰਾਜ, ਪੀ.ਐਸ.ਪੀ.ਸੀ.ਐਲ., ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਨੁਮਾਇੰਦਿਆਂ ਨੇ ਭਾਗ ਲਿਆ।

More from this section