ਕਿਸਾਨ ਆਗੂ ਰਾਕੇਸ਼ ਟਿਕੈਤ ਡੇਰਾ ਹੰਸਾਲੀ ਨਤਮਸਤਕ ਹੋਏ

ਫ਼ੈਕ੍ਟ ਸਮਾਚਾਰ ਸੇਵਾ ਫ਼ਤਹਿਗੜ੍ਹ ਸਾਹਿਬ , ਅਗਸਤ 12

ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਅੱਜ ਡੇਰਾ ਹੰਸਾਲੀ ਵਿਖੇ ਨਤਮਸਤਕ ਹੋਏ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੋਈ ਚੋਣ ਨਹੀਂ ਲੜੇਗਾ, ਸਗੋਂ ਜਿਹੜੇ ਸੂਬਿਆਂ ‘ਚ ਚੋਣਾਂ ਹੋਣਗੀਆਂ ਉੱਥੇ ਜਾ ਕੇ ਮੋਰਚਾ ਭਾਜਪਾ ਦਾ ਵਿਰੋਧ ਕਰਕੇ ਲੋਕਾਂ ਨੂੰ ਜਾਗਰੂਕ ਕਰੇਗਾ ਕਿ ਭਾਜਪਾ ਕਿਸਾਨ ਵਿਰੋਧੀ ਹੈ , ਜੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਵਿਰੋਧੀ ਫੈਸਲੇ ਲੈ ਰਹੀ ਹੈ। ਉਨਾਂ ਕਿਹਾ ਕਿ 9 ਮਹੀਨੇ ਦੇ ਕਿਸਾਨੀ ਸੰਘਰਸ਼ ਦੌਰਾਨ 600 ਤੋਂ ਵਧੇਰੇ ਕਿਸਾਨ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਹਨ ਪਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੀ ਜਿੱਦ ‘ਤੇ ਅੜੀ ਹੋਈ ਹੈ , ਇਸ ਲਈ ਇਹ ਸੰਘਰਸ਼ ਉਸ ਸਮੇਂ ਤਕ ਜਾਰੀ ਰਹੇਗਾ ਜਦੋਂ ਤਕ ਸਰਕਾਰ ਖੇਤੀ ਸੁਧਾਰ ਤਿੰਨੋਂ ਬਿਲ ਰੱਦ ਨਹੀਂ ਕਰਦੀ।

ਉਨਾਂ ਕਿਹਾ ਕਿ ਸਰਕਾਰ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਈ ਤਰਾਂ ਦੇ ਹੱਥਕੰਡੇ ਵਰਤ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਪਰ ਲੋਕ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਹਨ। ਉਨਾਂ ਕਿਹਾ ਕਿ ਖੇਤੀ ਬਿਲਾਂ ਦੇ ਵਿਰੋਧ ‘ਚ ਮੋਰਚੇ ਵਲੋਂ ਜਾਰੀ ਕੀਤੀ ਵਿੱਪ ਦਾ ਵਿਰੋਧੀ ਪਾਰਟੀਆਂ ਪਾਲਨ ਕਰਕੇ ਸੰਸਦ ‘ਚ ਲਗਾਤਾਰ ਚਰਚਾ ਦੀ ਮੰਗ ਕਰ ਰਹੀਆਂ ਹਨ ਪਰ ਸਰਕਾਰ ਕਿਸਾਨੀ ਮੁੱਦੇ ‘ਤੇ ਚਰਚਾ ਕਰਨ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਖਾਸ ਤੌਰ ‘ਤੇ ਯੂਪੀ, ਉਤਰਾਖੰਡ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ਦੀ ਤਰਾਂ ਭਾਜਪਾ ਦਾ ਡਟ ਕੇ ਵਿਰੋਧ ਕਰੇਗਾ ਤਾਂ ਕਿ ਇਨਾਂ ਸੂਬਿਆਂ ‘ਚ ਵੀ ਭਾਜਪਾ ਦਾ ਬਿਸਤਰਾ ਗੋਲ ਕੀਤਾ ਜਾ ਸਕੇ। ਇਸ ਦੌਰਾਨ ਉਨਾਂ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਨ ‘ਤੇ ਕੇਕ ਕੱਟਿਆ ਅਤੇ ਲੰਗਰ ਵੀ ਛਕਿਆ। ਇਸ ਮੌਕੇ ਡੇਰਾ ਮੁਖੀ ਬਾਬਾ ਪਰਮਜੀਤ ਸਿੰਘ,ਸਾਧੂ ਰਾਮ ਭੱਟ ਮਾਜਰਾ, ਸੰਯੁਕਤ ਮੋਚਰੇ ਦੇ ਪ੍ਰਧਾਨ ਹਰਮੇਲ ਸਿੰਘ ਭਟੇੜੀ, ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਆਦਿ ਮੌਜੂਦ ਸਨ।

More from this section