ਦੇਸ਼-ਦੁਨੀਆ

ਕੇਰਲ ਸਰਕਾਰ ਨੇ ਤਾਲਾਬੰਦੀ ਵਿਚ ਛੋਟ ਦੇਣ ਦਾ ਕੀਤਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ
ਤਿਰੂਵਨੰਪੁਰਮ ਅਗਸਤ 04
ਕੇਰਲ ਸਰਕਾਰ ਨੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਲਾਗੂ ਕੀਤੀ ਗਈ ਤਾਲਾਬੰਦੀ ’ਚ ਢਿੱਲ ਦੇਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਸਿਹਤ ਮੰਤਰੀ ਵੀਨਾ ਜਾਰਜ ਨੇ ਇਸ ਸਬੰਧ ’ਚ ਸੂਬੇ ਦੀ ਵਿਧਾਨ ਸਭਾ ਵਿਚ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਲਾਕਿਆਂ ’ਚ ਦੁਕਾਨਾਂ ’ਤੇ ਤਿਹਰੀ ਤਾਲਾਬੰਦੀ ਲਾਈ ਜਾਵੇਗਾ, ਜਿੱਥੇ ਇਕ ਹਫ਼ਤੇ ਵਿਚ ਪ੍ਰਤੀ ਇਕ ਹਜ਼ਾਰ ਦੀ ਆਬਾਦੀ ’ਚੋਂ 10 ਤੋਂ ਵੱਧ ਲੋਕ ਇਨਫੈਕਟਿਡ ਪਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹੋਰ ਥਾਵਾਂ ’ਚ, ਸੂਬੇ ਦੇ ਮੌਜੂਦਾ ਆਮ ਹਾਲਾਤ ਅਤੇ ਟੀਕਾਕਰਨ ਦੀ ਤਰੱਕੀ ’ਤੇ ਵਿਚਾਰ ਕਰ ਕੇ ਹਫ਼ਤੇ ਦੇ 6 ਦਿਨ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਦੁਕਾਨਾਂ ਸਵੇਰੇ 7 ਤੋਂ ਰਾਤ 9 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਜਾਰਜ ਨੇ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਅਤੇ 22 ਅਗਸਤ ਨੂੰ ਓਣਮ ਦੇ ਤਿਉਹਾਰ ’ਤੇ ਛੋਟ ਦਿੱਤੀ ਜਾਵੇਗੀ ਅਤੇ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਦੋਵੇਂ ਹੀ ਤਿਉਹਾਰ ਐਤਵਾਰ ਨੂੰ ਹੋਣਗੇ। ਮੰਤਰੀ ਨੇ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਤੋਂ ਤਿਉਹਾਰਾਂ ਦੇ ਮੌਸਮ ’ਚ ਭੀੜ ਤੋਂ ਬਚਣ ਅਤੇ ਆਪਣੇ ਕੰਪਲੈਕਸ ’ਚ ਸਮਾਜਿਕ ਦੂਰੀ ਯਕੀਨੀ ਕਰਨ ਲਈ ਵਿਸ਼ੇਸ਼ ਵਿਵਸਥਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਸਥਾਨਕ ਪੁਲਸ ਅਤੇ ਕਾਰੋਬਾਰੀਆਂ ਨਾਲ ਬੈਠਕ ਕੀਤੀ ਜਾਵੇਗੀ।