ਕੈਥੀ ਹੋਚਲ ਬਣੇਗੀ ਨਿਊਯਾਰਕ ਦੀ ਪਹਿਲੀ ਲੇਡੀ ਗਵਰਨਰ

ਫ਼ੈਕ੍ਟ ਸਮਾਚਾਰ ਸੇਵਾ ਫਰਿਜ਼ਨੋ , ਅਗਸਤ 12

ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਹੈ। ਉਹਨਾਂ ਦਾ ਇਹ ਐਲਾਨ ਨਿਊਯਾਰਕ ਦੀ ਅਟਾਰਨੀ ਜਨਰਲ ਦੀ ਜਾਂਚ ਤੋਂ ਬਾਅਦ ਕੀਤਾ ਗਿਆ ਹੈ, ਜਿਸ ਵਿੱਚ ਕੁਓਮੋ ‘ਤੇ ਆਪਣੀਆਂ ਮਹਿਲਾ ਸਟਾਫ ਮੈਂਬਰਾਂ ਸਮੇਤ ਤਕਰੀਬਨ 11 ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਕੁਓਮੋ ਦੇ ਪਦ ਛੱਡਣ ਤੋਂ ਬਾਅਦ ਗਵਰਨਰ ਦੀਆਂ ਸੇਵਾਵਾਂ ਨਿਭਾਉਣ ਲਈ ਇੱਕ ਮਹਿਲਾ ਅਧਿਕਾਰੀ ਲੈਫਟੀਨੈਂਟ ਕੈਥੀ ਹੋਚਲ ਦਾ ਨਾਮ ਸਾਹਮਣੇ ਆ ਰਿਹਾ ਹੈ। ਕੈਥੀ ਦੁਆਰਾ 24 ਅਗਸਤ ਨੂੰ ਕੁਓਮੋ ਦੀ ਜਗ੍ਹਾ ਲੈਣ ਦੀ ਉਮੀਦ ਹੈ। 62 ਸਾਲਾ ਹੋਚਲ ਰਾਜ ਦੇ ਇਤਿਹਾਸ ਵਿੱਚ ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਹੋਵੇਗੀ।

ਬਫੈਲੋ ਵਿੱਚ ਪੈਦਾ ਹੋਈ ਹੋਚਲ ਨੇ ਬੀ.ਏ. ਦੀ ਡਿਗਰੀ 1980 ਵਿੱਚ ਸਿਰਾਕਯੂਜ਼ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਫਿਰ ਲਾਅ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਨਿਊਯਾਰਕ ਰਾਜ ਵਿੱਚ ਕਾਨੂੰਨੀ ਸਲਾਹਕਾਰ ਅਤੇ ਵਿਧਾਨਕ ਸਹਾਇਕ ਵਜੋਂ ਸੇਵਾ ਕਰਨ ਤੋਂ ਪਹਿਲਾਂ ਵਾਸ਼ਿੰਗਟਨ ਡੀ ਸੀ ਦੀ ਇੱਕ ਨਿੱਜੀ ਫਰਮ ਵਿੱਚ ਕੰਮ ਕੀਤਾ। 1994 ਵਿੱਚ, ਹੋਚਲ ਏਰੀ ਕਾਉਂਟੀ, ਨਿਊਯਾਰਕ ਵਿੱਚ ਹੈਮਬਰਗ ਟਾਊਨ ਬੋਰਡ ਲਈ ਚੁਣੀ ਗਈ। ਇਸਦੇ ਇਲਾਵਾ ਹੋਚਲ ਨੇ ਕਈ ਹੋਰ ਅਹੁਦਿਆਂ ‘ਤੇ ਵੀ ਕੰਮ ਕੀਤਾ।

ਕੁਓਮੋ ਪ੍ਰਸ਼ਾਸਨ ਦੇ ਅਧੀਨ, ਹੋਚਲ ਨੇ ਕਈ ਸਟੇਟ ਪ੍ਰੋਜੈਕਟਾਂ ਆਦਿ ਦੀ ਅਗਵਾਈ ਕੀਤੀ ਹੈ। ਉਹ 10 ਖੇਤਰੀ ਆਰਥਿਕ ਵਿਕਾਸ ਕੌਂਸਲਾਂ ਦੀ ਪ੍ਰਧਾਨਗੀ ਕਰਦੀ ਹੈ, ਜੋ ਨਿਊਯਾਰਕ ਅਤੇ ਸਟੇਟ ਵਰਕਫੋਰਸ ਇਨਵੈਸਟਮੈਂਟ ਬੋਰਡ ਦੇ ਪ੍ਰੋਜੈਕਟਾਂ ਲਈ ਨਿਵੇਸ਼ ਦਾ ਫੈਸਲਾ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

More from this section