ਪੰਜਾਬ

ਰੋਲ ਅਬਜ਼ਰਵਰ ਵੱਲੋਂ ਵੋਟਰ ਸੂਚੀਆਂ ਸਬੰਧੀ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 20 ਦਸੰਬਰ ਤੱਕ ਕਰਨ ਦੀਆਂ ਹਦਾਇਤਾਂ

ਫੈਕਟ ਸਮਾਚਾਰ ਸੇਵਾ
ਜਲੰਧਰ, ਦਸੰਬਰ 8

ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ ਅਤੇ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਵੀਜ਼ਨਲ ਕਮਿਸ਼ਨਰ-ਕਮ-ਰੋਲ ਅਬਜ਼ਰਵਰ ਜਲੰਧਰ ਵੀ.ਕੇ.ਮੀਨਾ ਵੱਲੋਂ ਜਲੰਧਰ ਡਵੀਜ਼ਨ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਰੋਲ ਅਬਜ਼ਰਵਰ ਵੱਲੋਂ ਦੂਜੇ ਪੜਾਅ ਦੀ ਸੁਪਰ ਚੈਕਿੰਗ ਦੇ ਮੰਤਵ ਦੇ ਨਾਲ ਜ਼ਿਲ੍ਹਾ ਚੋਣ ਅਫ਼ਸਰ ਦੇ ਲਾਗ ਇੰਨ ਵਿੱਚ ਆਏ ਫਾਰਮਾਂ ਵਿੱਚੋਂ 50 ਫੀਸਦੀ ਫਾਰਮਾਂ ਦੀ ਸੁਪਰ ਚੈਕਿੰਗ ਦੀ ਕਾਰਵਾਈ ਕੀਤੀ ਗਈ ਅਤੇ ਜਿਨ੍ਹਾਂ ਫਾਰਮਾਂ ਵਿੱਚ ਤਰੁੱਟੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਤਰੁੱਟੀਆਂ ਨੂੰ ਦੂਰ ਕਰਨ ਲਈ ਸਬੰਧਤ ਈ.ਆਰ.ਓਜ਼ ਨੂੰ ਵਾਪਸ ਭੇਜਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਅਦੇਸ਼ ਦਿੱਤੇ ਗਏ।

ਉਨ੍ਹਾਂ ਭਵਿੱਖ ਵਿੱਚ ਆਨਲਾਈਨ ਫਾਰਮਾਂ ਨੂੰ ਦਰੁੱਸਤ ਤਰੀਕੇ ਨਾਲ ਭਰਵਾਉਣ ਲਈ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਕਰਵਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਰਵੀਜ਼ਨ ਦੌਰਾਨ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਨਿਰਧਾਰਤ ਮਿਤੀ 20.12.2021 ਤੱਕ ਕਰਨ ਲਈ ਹਦਾਇਤ ਕੀਤੀ ਗਈ।

ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਜਲੰਧਰ ਘਨਸਿ਼ਆਮ ਥੋਰੀ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ,ਡਿਪਟੀ ਕਮਿਸ਼ਨਰ, ਗੁਰਦਾਸਪੁਰ ਮੁਹੰਮਦ ਇਸ਼ਫਾਕ,ਡਿਪਟੀ ਕਮਿਸ਼ਨਰ, ਪਠਾਨਕੋਟ, ਸਈਅਮ ਅਗਰਵਾਲ, ਡਿਪਟੀ ਕਮਿਸ਼ਨਰ, ਤਰਨਤਾਰਨ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ, ਕਪੂਰਥਲਾ ਅਦਿਤਿਆ ਉਪਲ ਤੋਂ ਇਲਾਵਾ ਚੋਣ ਤਹਿਸੀਲਦਾਰ, ਜਲੰਧਰ, ਸੁਖਦੇਵ ਸਿੰਘ, ਚੋਣ ਤਹਿਸੀਲਦਾਰ, ਪਠਾਨਕੋਟ ਸਰਬਜੀਤ ਸਿੰਘ, ਚੋਣ ਕਾਨੂੰਨਗੋ ਰਕੇਸ਼ ਕੁਮਾਰ, ਦਿਲਬਾਗ ਸਿੰਘ ਅਤੇ ਯੋਗੇਸ਼ ਕੁਮਾਰ ਮੌਜੂਦ ਸਨ।