ਚੰਡੀਗੜ੍ਹ

ਚੰਡੀਗੜ੍ਹ ਵਿਚ ਕਾਂਗਰਸ ਨੇ ਭਾਜਪਾ ਦੀ ‘ਸਵੱਛ ਭਾਰਤ ਮੁਹਿੰਮ’ ਦੀ ਪੋਲ ਖੋਲ੍ਹੀ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਅਕਤੂਬਰ 04

ਭਾਜਪਾ ਨੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ’ਤੇ ਦੇਸ਼ ਭਰ ’ਚ ਸਵੱਛ ਭਾਰਤ ਮੁਹਿੰਮ ਚਲਾ ਕੇ ਸਾਫ਼-ਸਫ਼ਾਈ ਕਰ ਕੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ। ਉਸ ਤੋਂ ਅਗਲੇ ਹੀ ਦਿਨ ਸੋਹਣੇ ਸ਼ਹਿਰ ਚੰਡੀਗੜ੍ਹ ’ਚ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਭਾਜਪਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਜਿਨ੍ਹਾਂ ਇਲਾਕਾ ਵਾਸੀਆਂ ਦੇ ਨਾਲ ਵਾਰਡ ਨੰਬਰ 12 ਅਧੀਨ ਪੈਂਦੇ ਸੈਕਟਰ 15 ਦਾ ਦੌਰਾਨ ਕੀਤਾ। ਵਾਰਡ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਸਨ।

ਦੂਜੇ ਪਾਸੇ ਦੀਪਾ ਦੂਬੇ ਨੇ ਦੱਸਿਆ ਕਿ ਸੈਕਟਰ 15 ਦੇ ਪਾਰਕਾਂ ’ਚ ਘਾਹ ਬਹੁਤ ਵੱਡਾ ਹੋ ਗਿਆ ਹੈ ਤੇ ਸਟਰੀਟ ਲਾਈਟਾਂ ਦਾ ਮਾੜਾ ਹਾਲ ਹੈ। ਇਸ ਕਾਰਨ ਲੋਕਾਂ ਨੂੰ ਸੈਰ ਕਰਨ ਸਮੇਂ ਜੀਵ ਜੰਤੂਆਂ ਦਾ ਡਰ ਸਤਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਾਰਡ ਸਾਬਕਾ ਮੇਅਰ ਰਾਜਬਾਲਾ ਮਲਿਕ ਦਾ ਹੈ। ਨਗਰ ਨਿਗਮ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋ ਰਿਹਾ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੂੰ ਅਪੀਲ ਕੀਤੀ ਕਿ ਉਹ ਵਾਰਡ ਨੰਬਰ 12 ਦੇ ਸੈਕਟਰ 15 ਦਾ ਦੌਰਾਨ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਪਹਿਲਾਂ ਆਪਣੇ ਵਾਰਡਾਂ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਤੇ ਇਸ ਤੋਂ ਬਾਅਦ ਸ਼ਹਿਰ ਦੀ ਗੱਲ ਕਰਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਆਗੂਆਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਪੂਰਾ ਇੱਕ ਵੀ ਨਹੀਂ ਕੀਤਾ ਹੈ।