ਪਟਿਆਲਾ ਦੇ ਪਿੰਡਾਂ ‘ਚ ਔਰਤਾਂ ਯਕੀਨੀ ਬਣਾ ਰਹੀਆਂ ਨੇ ਪਾਣੀ ਦੀ ਸਪਲਾਈ

ਫ਼ੈਕ੍ਟ ਸਮਾਚਾਰ ਸੇਵਾ ਪਟਿਆਲਾ, ਅਗਸਤ 4

ਘਰਾਂ ‘ਚ ਪਾਣੀ ਦੀ ਵਰਤੋਂ ਨੂੰ ਲੈ ਕੇ ਔਰਤਾਂ ਹੀ ਮੁੱਢਲੇ ਤੌਰ ‘ਤੇ ਫੈਸਲੇ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਉਹ ਅਸਲ ‘ਚ ਘਰੇਲੂ ਕੰਮਾਂ, ਜਿਵੇਂ ਕਿ ਸਫ਼ਾਈ, ਖਾਣਾ ਪਕਾਉਣ ਅਤੇ ਕੱਪੜੇ ਆਦਿ ਧੋਣ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਵਰਤੋਂ ਬਾਬਤ ਰੋਜ਼ਾਨਾ ਪ੍ਰਬੰਧਨ ਕਰਦੀਆਂ ਹਨ। ਹੁਣ ਸਥਾਨਕ ਜਲ ਕਮੇਟੀਆਂ ਦੇ ਪ੍ਰਬੰਧਨ ‘ਚ ਔਰਤਾਂ ਦੀ ਭਾਗੀਦਾਰੀ ਵਧਾਉਣ ਦਾ ਇਕ ਅਹਿਮ ਕਦਮ ਪੁੱਟਦਿਆਂ ਪਿੰਡਾਂ ਦੀਆਂ ਬਹੁਤੀਆਂ ਕਮੇਟੀਆਂ ਦੀ ਵਾਗਡੋਰ ਮਹਿਲਾਵਾਂ ਹੱਥ ਦਿੱਤੀ ਗਈ ਹੈ।

ਪਟਿਆਲਾ ਦੇ ਪਿੰਡ ਭੱਠਲਾਂ ਤੇ ਰੌਣੀ ਝੁੰਗੀਆਂ ‘ਚ ਜਲ ਸਪਲਾਈ ਪ੍ਰਬੰਧਨ ਕਰਨ ਵਾਲੀਆਂ ਮਹਿਲਾਵਾਂ

ਅਜਿਹੀ ਹੀ ਇੱਕ ਪਹਿਲਕਦਮੀ ਪਟਿਆਲਾ ਜ਼ਿਲ੍ਹੇ ਦੇ ਸਨੌਰ ਬਲਾਕ ਦੇ ਪਿੰਡ ਭੱਠਲਾਂ ‘ਚ ਕੀਤੀ ਗਈ ਹੈ, ਜਿੱਥੇ ਜਲ ਸਪਲਾਈ ਸਕੀਮ ਦੇ ਪ੍ਰਬੰਧਨ ਦੇ ਨਾਲ-ਨਾਲ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਮਹਿਲਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ।ਪਿੰਡ ਭੱਠਲਾਂ ਦੀ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਨੇ ਇਸ ਯੋਜਨਾ ਨੂੰ ਲਾਗੂ ਕਰਨ ‘ਚ ਉਚ ਦਰਜੇ ਦੀ ਸ਼ਮੂਲੀਅਤ ਦਰਸਾਈ ਹੈ। ਔਰਤਾਂ ਦੀ ਇਹ ਕਮੇਟੀ ਜਲ ਸਪਲਾਈ ਯੋਜਨਾ ਨੂੰ ਭਰੋਸੇਯੋਗ ਢੰਗ ਨਾਲ ਚਲਾਉਣ, ਪਾਣੀ ਦੇ ਸਰੋਤਾਂ ਦੀ ਸੁਰੱਖਿਆ ਬਾਰੇ ਬਹੁਤ ਚਿੰਤੁਤ ਹੈ। ਪੇਂਡੂ ਭਾਈਚਾਰਾ, ਖਾਸ ਕਰਕੇ ਮਹਿਲਾ ਸਮੂਹ, ਆਪਣੀ ਰਵਾਇਤੀ ਭੂਮਿਕਾ ਤੋਂ ਅੱਗੇ ਵੱਧਦਿਆਂ ਪੂਰੀ ਸਰਗਰਮੀ ਨਾਲ ਜਲ ਪ੍ਰਬੰਧਨ ਨੂੰ ਨਿਭਾ ਰਿਹਾ ਹੈ। ਮਹਿਲਾਵਾਂ ਦੇ ਇਸ ਸਮੂਹ ਨੇ ਪਾਣੀ ਸੰਭਾਲ ਤੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਮੰਚ ‘ਤੇ ਆ ਕੇ ਸਾਰੇ ਹਿੱਸੇਦਾਰਾਂ ਨਾਲ ਰਾਬਤਾ ਵਧਾਇਆ ਹੈ। ਇਸ ਨਾਲ ਤਬਦੀਲੀ ਆਉਣੀ ਵੀ ਸ਼ੁਰੂ ਹੋ ਗਈ ਹੈ ਅਤੇ ਜਲ ਸਪਲਾਈ ਪ੍ਰਬੰਧਨ ਹੋਰ ਸੁਖਾਲਾ ਹੋਇਆ ਹੈ।

ਇਸ ਪਿੰਡ ‘ਚ ਪਾਣੀ ਦਾ ਬਿਹਤਰ ਪ੍ਰਬੰਧਨ ਇੱਕ ਮਿਸਾਲ ਬਣ ਗਿਆ ਹੈ। ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਸਰਪੰਚ ਅੰਜੂ ਬਾਲਾ, ਜਿਸ ਨੇ ਕਿ ਹੋਰ ਮੈਂਬਰਾਂ, ਖਾਸ ਕਰਕੇ ਖ਼ਜ਼ਾਨਚੀ ਦਵਿੰਦਰ ਕੌਰ, ਨੂੰ ਨਾਲ ਲੈਕੇ ਇਸ ਕਾਰਜ ‘ਚ ਵਿਸ਼ੇਸ਼ ਦਿਲਚਸਪੀ ਦਿਖਾਈ ਹੈ ਅਤੇ ਉਹ ਪਾਣੀ ਦੇ ਪ੍ਰਬੰਧਕ ਬਣ ਗਏ। ਹਰ ਤਰ੍ਹਾਂ ਦੀ ਸਮਾਜਿਕ ਕਾਰਜ ਉਹ ਬਿਨ੍ਹਾਂ ਕਿਸੇ ਰੁਕਾਵਟ ਦੇ ਸੁਚੱਜੇ ਢੰਗ ਨਾਲ ਕਰਨ ‘ਚ ਮੋਹਰੀ ਹੋਕੇ ਭੂਮਿਕਾ ਨਿਭਾਉਂਦੇ ਹਨ ਅਤੇ ਫੈਸਲੇ ਲੈਂਦੇ ਹਨ। ਇਸ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਅਮਲੇ ‘ਚੋਂ, ਬਲਾਕ ਰਿਸੋਰਸ ਕੋਆਰਡੀਨੇਟਰ ਮਨਿੰਦਰ ਕੌਰ, ਨੇ ਪਿੰਡ ‘ਚ ਵਾਰਡ ਅਧਾਰਤ ਜਾਗਰੂਕਤਾ ਮੁਹਿੰਮ ਵਿੱਢੀ ਅਤੇ ਪਾਣੀ, ਸਵੱਛਤਾ, ਸਫ਼ਾਈ (ਧੋਣ) ਪ੍ਰਤੀ ਔਰਤਾਂ ‘ਚ ਸਦੀਵੀ ਪ੍ਰਭਾਵ ਪਾਉਣ ਵਾਲੀ ਸਮਾਜਿਕ ਤਬਦੀਲੀ ਲਿਆਂਦੀ।

ਇਸ ਕਮੇਟੀ ਨੇ ਪਾਣੀ ਦੇ ਵਰਤੋਂ ਦੀ ਇੱਕ ਨਿਯਮਾਂਵਲੀ ਤਿਆਰ ਕੀਤੀ, ਜਿਸ ‘ਚ ਪਾਣੀ ਦੀ ਵਰਤੋ ਦੇਂ ਨਿਯਮ, ਵਰਤੋਂ ਚਾਰਜ਼ਿਜ ਇਕੱਠੇ ਕਰਨੇ, ਨਿਯਮਤ ਮੀਟਿੰਗਾਂ ਕਰਨੀਆਂ ਅਤੇ ਸਾਰੇ ਘਰਾਂ ਤੱਕ ਪਾਣੀ ਦੀ ਬੇਰੋਕ ਪਹੁੰਚ ਯਕੀਨੀ ਬਣਾਉਣਾ ਸ਼ਾਮਲ ਹੈ। ਇਸ ਪ੍ਰਣਾਲੀ ਨੇ ਪਿੰਡ ‘ਚ ਪਾਣੀ ਨਾਲ ਜੁੜੀਆਂ ਦਿੱਕਤਾਂ ਘਟਾ ਦਿੱਤੀਆਂ ਹਨ ਅਤੇ ਹੁਣ ਸਾਰੇ ਪਿੰਡ ਵਾਸੀ ਭਰੋਸੇਯੋਗ ਜਲ ਸਪਲਾਈ ਦੇ ਬਿਲ ਦਾ ਭੁਗਤਾਨ ਵੀ ਨਿਯਮਤ ਕਰਦੇ ਹਨ। ਇਸੇ ਤਰ੍ਹਾਂ ਹੀ ਬਲਾਕ ਪਟਿਆਲਾ ਦੇ ਪਿੰਡ ਰੌਣੀ ਝੁੰਗੀਆਂ ਦੀ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਵੀ ਜਲ ਪ੍ਰਬੰਧਨ ‘ਚ ਅਗਾਂਹਵਧੂ ਭੂਮਿਕਾ ਨਿਭਾ ਰਹੀ ਹੈ। ਇਥੇ ਵੀ ਮਹਿਲਾਵਾਂ ਵੱਲੋਂ ਜਲ ਸਰੋਤਾਂ ਦੀ ਸੁਰੱਖਿਆ ਦੇ ਨਾਲ-ਨਾਲ ਇਨ੍ਹਾਂ ਦੀ ਮਜ਼ਬੂਤੀ ਲਈ ਨਵੇਂ ਵਿਚਾਰਾਂ ਦੇ ਨਾਲ ਸਮਾਜਿਕ ਤਬਦੀਲੀ ਲਿਆਉਣ ‘ਤੇ ਕੰਮ ਕੀਤਾ ਜਾ ਰਿਹਾ ਹੈ। ਪੋਸਟ ਗ੍ਰੈਜੂਏਟ ਸਰਪੰਚ ਅਨੁਰਾਧਾ ਠਾਕੁਰ, ਮੋਹਰੀ ਭੂਮਿਕਾ ਨਿਭਾਉਂਦੇ ਹੋਏ, ਸਾਰੀਆਂ ਮਹਿਲਾ ਭਾਗੀਦਾਰੀਆਂ ਨੂੰ ਨਾਲ ਲੈਕੇ, ਚੱਲਦੇ ਹਨ ਅਤੇ ਪਿੰਡ ਵਾਸੀਆਂ ਨੂੰ ਪੀਣ ਵਾਲਾ ਨਿਰਮਲ ਜਲ ਸਪਲਾਈ ਕਰਵਾਇਆ ਜਾ ਰਿਹਾ ਹੈ। 10 ਮਹਿਲਾਵਾਂ ਦਾ ਸਮੂਹ ਪਿੰਡ ਵਾਸੀਆਂ ਦੀ ਸਹੂਲਤ ਅਨੁਸਾਰ ਹਰ ਮਹੀਨੇ ਪਾਣੀ ਦੇ ਬਿਲ ਸਮੇਂ ਸਿਰ ਇਕੱਠੇ ਕਰਦਾ ਹੈ।

ਅਜਿਹੀਆਂ ਵਿਵਹਾਰਕ ਤਬਦੀਲੀਆਂ ਲਿਆਉਣ ਵਾਲੀਆਂ ਗਤੀਵਿਧੀਆਂ ਨੇ ਪਾਣੀ ਦੀ ਬਰਬਾਦੀ ਘਟਾਉਣ ‘ਚ ਇੱਕ ਸਕਰਾਤਮਕ ਬਦਲਾਓ ਲਿਆਂਦਾ ਹੈ ਅਤੇ ਪਾਣੀ ਦੇ ਬਿਲ ਵੀ ਸਮੇਂ ਸਿਰ ਇਕੱਠੇ ਹੋ ਜਾਂਦੇ ਹਨ। ਪਿੰਡ ਵਾਸੀਆਂ ਨੂੰ 10 ਘੰਟੇ ਪਾਣੀ ਦੀ ਬੇਰੋਕ ਪੂਰਤੀ ਮਿਲਦੀ ਹੈ, ਇੱਥੋਂ ਤੱਕ ਵੀ ਪੰਪ ਉਪਰੇਟਰ ਦਾ ਕੰਮ ਵੀ ਰਾਧਾ ਰਾਣੀ ਨਾਮ ਦੀ ਮਹਿਲਾ ਹੀ ਨਿਭਾ ਰਹੀ ਹੈ। ਅਜਿਹੀਆਂ ਭੂਮਿਕਾਵਾਂ ‘ਚ ਮਹਿਲਾਵਾਂ ਦੀ ਸ਼ਮੂਲੀਅਤ ਵੱਧਣ ਨਾਲ ਪਿੰਡ ‘ਚ ਪਾਣੀ ਦੇ ਬਿਹਤਰ ਪ੍ਰਬੰਧਨ ਦਾ ਰਾਹ ਪੱਧਰਾ ਹੋ ਰਿਹਾ ਹੈ ਅਤੇ ਜ਼ਿਲ੍ਹਾ ਪਟਿਆਲਾ ‘ਚ ਪਾਣੀ ਪ੍ਰਬੰਧਨ ਲਈ ਮਹਿਲਾਵਾਂ ਦੀ ਸ਼ਮੂਲੀਅਤ ਇੱਕ ਲਹਿਰ ਬਣ ਰਹੀ ਹੈ।

More from this section