ਖੇਡ

ਖੇਲੋ ਹਰਿਆਣਾ ਤਹਿਤ ਹਾਕੀ ਦੀਆਂ ਜੇਤੂ ਟੀਮਾਂ ਦਾ ਸਨਮਾਨ

ਫ਼ੈਕ੍ਟ ਸਮਾਚਾਰ ਸੇਵਾ ਸ਼ਾਹਬਾਦ ਮਾਰਕੰਡਾ, ਅਗਸਤ 31

ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ‘ਖੇਲੋ ਹਰਿਆਣਾ’ ਜਿਹੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਦੋ ਲੱਖ, ਦੂਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ ਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਇੱਕ ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ। ਇਹ ਰਕਮ ਖਿਡਾਰੀਆਂ ਦੇ ਬੈਂਕ ਖਾਤਿਆਂ ਵਿਚ ਜਾਵੇਗੀ। ਖੇਡ ਮੰਤਰੀ ਬੀਤੇ ਦਿਨ ਦੇਰ ਸ਼ਾਮ ਸ਼ਾਹਬਾਦ ਹਾਕੀ ਸਟੇਡੀਅਮ ਵਿੱਚ ਹਾਕੀ ਮੁਕਾਬਲੇ ਦੇ ਸਮਾਪਤੀ ਮੌਕੇ ਬੋਲ ਰਹੇ ਸਨ।

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਕਿਸੇ ਖੇਡ ਮੰਤਰੀ ਨੇ ਹਾਕੀ ਦੇ ਸਾਰੇ ਮੈਚਾਂ ਨੂੰ ਦੇਖਿਆ ਤੇ ਨਿਰੰਤਰ ਖਿਡਾਰੀਆਂ ’ਤੇ ਨਜਰ ਰੱਖੀ ਤੇ ਫੀਡਬੈਕ ਲਈ। ਇਸ ਦੌਰਾਨ ਖੇਡ ਮੰਤਰੀ ਨੇ ਹਾਕੀ ਦੀ ਮਹਿਲਾ ਤੇ ਪੁਰਸ਼ ਜੇਤੂ ਟੀਮਾਂ ਦਾ ਸਨਮਾਨ ਕੀਤਾ। ਹਾਕੀ ਦੇ ਮਹਿਲਾ ਵਰਗ ਵਿਚ ਕੁਰੂਕਸ਼ੇਤਰ ਦੀ ਟੀਮ ਨੇ ਪਹਿਲਾ, ਹਿਸਾਰ ਨੇ ਦੂਜਾ ਤੇ ਸੋਨੀਪਤ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਬਾਅਦ ਹਰਿਆਣਾ ਵਿਚ ਪਹਿਲੀ ਵੱਡੇ ਖੇਡ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿਚ ਸਿਰਫ ਹਰਿਆਣਾ ਲਈ ਖਿਡਾਰੀ ਤਿਆਰ ਨਹੀਂ ਹੋਣਗੇ ਬਲਕਿ ਦੇਸ਼ ਦਾ ਵੀ ਉਜਵਲ ਭਵਿੱਖ ਬਨਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਨਾਲ ਹਾਕੀ ਨਾਲ ਸਬੰਧਿਤ 13 ਜ਼ਿਲ੍ਹਿਆਂ ਵਿਚ ਐਸਟਰੋਟਰਫ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

ਇਸ ਮੌਕੇ ਲੈਫਟੀਨੈਂਟ ਬਿਕਰਮਜੀਤ ਸਿੰਘ, ਉਪ ਨਿਰਦੇਸ਼ਕ ਸੁਨੀਤਾ ਦਲਾਲ, ਡੀਐੱਸਓ ਬਲਬੀਰ ਸਿੰਘ ਆਦਿ ਮੌਜੂਦ ਸਨ।

More from this section