ਧਰਮ ਤੇ ਵਿਰਸਾ

ਵਿਰਸੇ ਨਾਲ ਜੋੜ ਰਹੀ ਹੈ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦੀ ਮੁਫ਼ਤ ਬੱਸ ਯਾਤਰਾ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ, ਅਗਸਤ 29

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਮੁਫ਼ਤ ਬੱਸ ਯਾਤਰਾ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਰਹੀ ਹੈ। ਇੱਕ ਰੋਜ਼ਾ ਟੂਰ ਪ੍ਰੋਗਰਾਮ ਤਹਿਤ ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਹਰ ਐਤਵਾਰ ਨੂੰ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਅਤੇ ਗੁਰਦਾਸਪੁਰ ਦੇ ਪੰਚਾਇਤ ਭਵਨ ਤੋਂ ਵਿਸ਼ੇਸ਼ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਰਾਹੀਂ ਯਾਤਰੂਆਂ ਨੂੰ ਜ਼ਿਲੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਅੱਜ ਸਥਾਨਕ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਇੱਕ ਰੋਜ਼ਾ ਹਫ਼ਤਾਵਾਰੀ ਟੂਰ ਪ੍ਰੋਗਰਾਮ ਤਹਿਤ ਵਿਸ਼ੇਸ਼ ਬੱਸ ਚਲਾਈ ਗਈ ਜਿਸ ਵਿੱਚ ਬਟਾਲਾ ਸ਼ਹਿਰ ਦੇ ਆਮ ਸ਼ਹਿਰੀਆਂ ਤੋਂ ਇਲਾਵਾ ਹਸਤ ਸ਼ਿਲਪ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਬਟਾਲਾ ਸ਼ਹਿਰ ਤੋਂ ਸ਼ੁਰੂ ਹੋਈ ਯਾਤਰਾ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਵਿਖੇ ਪਹੁੰਚੀ ਜਿਥੇ ਯਾਤਰੂਆਂ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਸ਼ਹੀਦੀ ਸਮਾਰਕ ਦੇ ਦਰਸ਼ਨ ਕੀਤੇ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ। ਇਸ ਮੌਕੇ ਸਮਾਰਕ ਵਿੱਚ ਪ੍ਰਬੰਧਕਾਂ ਵੱਲੋਂ ਯਾਤਰੂਆਂ ਨੂੰ ਛੋਟਾ ਘੱਲੂਘਾਰਾ ਦੇ ਇਤਿਹਾਸ ਸਬੰਧੀ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਯਾਤਰੂਆਂ ਨੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਇਸ ਤੋਂ ਬਾਅਦ ਯਾਤਰਾ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੀ ਜਿਥੇ ਯਾਤਰੂਆਂ ਅਤੇ ਯਾਤਰੂਆਂ ਨੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ। ਯਾਤਰਾ ਦਾ ਅਗਲਾ ਪੜਾਅ ਰਾਧਾ ਕਿ੍ਰਸ਼ਨ ਮੰਦਰ ਪਿੰਡ ਕਿਸ਼ਨ ਕੋਟ ਵਿਖੇ ਹੋਇਆ, ਜਿਥੇ ਯਾਤਰੂਆਂ ਨੇ ਮੱਥਾ ਟੇਕਣ ਦੇ ਨਾਲ 200 ਸਾਲ ਤੋਂ ਵੱਧ ਪੁਰਾਣੇ ਕੰਧ ਚਿੱਤਰਾਂ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਯਾਤਰੂਆਂ ਨੇ ਘੁਮਾਣ ਵਿਖੇ ਪਹੁੰਚ ਕੇ ਭਗਤ ਨਾਮਦੇਵ ਜੀ ਦੇ ਸਮਾਧੀ ਅਸਥਾਨ ਸ੍ਰੀ ਨਾਮਦੇਵ ਦਰਬਾਰ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਪਿੰਡ ਮਸਾਣੀਆਂ ਵਿਖੇ ਹੋਇਆ ਅਤੇ ਸਾਰਿਆਂ ਨੇ ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਦਰਗਾਹ ਦੇ ਦਰਸ਼ਨ ਕੀਤੇ। ਅਖੀਰ ਵਿੱਚ ਯਾਤਰਾ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪਹੁੰਚੀ ਅਤੇ ਇਨਾਂ ਧਾਰਮਿਕ ਅਸਥਾਨਾਂ ਵਿਖੇ ਨਤਮਸਕ ਹੋਣ ਤੋਂ ਬਾਅਦ ਇਹ ਯਾਤਰਾ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਸਮਾਪਤ ਹੋਈ। ਯਾਤਰਾ ਦੌਰਾਨ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਸਾਰੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਯਾਤਰਾ ਕਰ ਰਹੀਆਂ ਬਟਾਲਾ ਦੀ ਅਮਨਦੀਪ ਕੌਰ, ਰਜਨੀ ਆਸ਼ੂ, ਮਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਿਵੇਕਲੇ ਉਪਰਾਲੇ ਸਦਕਾ ਸਾਡੇ ਜ਼ਿਲ੍ਹੇ ਦਾ ਇਤਿਹਾਸ ਦੁਨੀਆਂ ਸਾਹਮਣੇ ਉਜਾਗਰ ਹੋ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੀ ਯਾਤਰਾ ਦੌਰਾਨ ਜੋ ਅਸਥਾਨ ਦੇਖਣ ਨੂੰ ਮਿਲੇ ਹਨ ਉਹ ਉਨਾਂ ਪਹਿਲਾਂ ਨਹੀਂ ਦੇਖੇ ਸਨ। ਉਨਾਂ ਕਿਹਾ ਕਿ ਇਹ ਇੱਕ ਸਿੱਖਿਆਦਾਇਕ ਟੂਰ ਹੈ ਜਿਸ ਤੋਂ ਬਹੁਤ ਕੁਝ ਸਿੱਖਣ ਤੇ ਜਾਨਣ ਨੂੰ ਮਿਲਿਆ ਹੈ।