ਲੁੱਟਾਂ-ਖੋਹਾਂ ਕਰਨ ਵਾਲਾ ਅੰਤਰਰਾਜੀ ਲੁਟੇਰਾ ਗਰੋਹ ਕਾਬੂ

ਫੈਕਟ ਸਮਾਚਾਰ ਸੇਵਾ ਡੱਬਵਾਲੀ, ਸਤੰਬਰ 17

ਪੰਜਾਬ ਅਤੇ ਹਰਿਆਣਾ ’ਚ ਲੁੱਟਾਂ ਖੋਹਾਂ ਕਰਨ ਵਾਲਾ ਪੰਜ ਮੈਂਬਰੀ ਅੰਤਰਰਾਜੀ ਗਰੋਹ ਹਰਿਆਣਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ਼ ਕਾਲਾਂਵਾਲੀ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਨੇ ਪੰਜਾਬ ਵਿੱਚ 15 ਵਾਰਦਾਤਾਂ ਕਬੂਲੀਆਂ ਹਨ। ਪੰਜੇ ਮੁਲਜ਼ਮ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਕਾਰਾਂ, ਇੱਕ ਬੰਦੂਕ, ਤਲਵਾਰ, ਕਾਪਾ, ਲੋਹੇ ਦੀ ਪਾਈਪ, ਟਾਰਚ ਅਤੇ ਪੰਜ ਮੋਬਾਈਲ ਬਰਾਮਦ ਕੀਤੇ ਹਨ।

ਡੱਬਵਾਲੀ ਵਿੱਚ ਸਿਟੀ ਥਾਣਾ ’ਚ ਪ੍ਰੈੱਸ ਕਾਨਫਰੰਸ ਮੌਕੇ ਡੀਐਸਪੀ ਕੁਲਦੀਪ ਸਿੰਘ ਬੈਣੀਵਾਲ ਨੇ ਦੱਸਿਆ ਕਿ ਬੀਤੀ ਰਾਤ ਮੁਲਜ਼ਮ ਕਾਲਾਂਵਾਲੀ ਵਿੱਚ ਲੁੱਟ ਦੀ ਕੋਸ਼ਿਸ਼ ਵਿੱਚ ਖੜ੍ਹੇ ਸਨ। ਮੁਲਜ਼ਮਾਂ ਕੋਲ ਸਵਿਫ਼ਟ ਅਤੇ ਜੈੱਨ ਕਾਰ ਵਿਚੋਂ ਬੰਦੂਕ ਅਤੇ ਹਥਿਆਰ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਅੰਤਰਰਾਜੀ ਗਰੋਹ ਨੇ ਪਿਛਲੇ ਕਾਫ਼ੀ ਸਮੇਂ ਤੋਂ ਸਰਹੱਦੀ ਇਲਾਕੇ ’ਚ ਕੋਹਰਾਮ ਮਚਾਇਆ ਹੋਇਆ ਸੀ। ਮੁਲਜ਼ਮਾਂ ਦੀ ਉਮਰ ਕਰੀਬ 20-25 ਸਾਲ ਹੈ ਅਤੇ ਨਸ਼ਿਆਂ ਕਰਕੇ ਹੀ ਮੁਲਾਜ਼ਮਾਂ ਦੀ ਆਪਸ ’ਚ ਜਾਣ-ਪਛਾਣ ਬਣੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ’ਚ ਗਰੋਹ ਮੁਖੀ ਮਨਦੀਪ ਸਿੰਘ ਵਾਸੀ ਭਾਗੀ ਵਾਂਦਰ (ਤਲਵੰਡੀ ਪੰਜਾਬ) ਸਮੇਤ ਗੁਰਜਿੰਦਰ ਸਿੰਘ ਉਰਫ ਗਿੰਨੀ ਵਾਸੀ ਗੁਲਾਬਗੜ੍ਹ (ਬਠਿੰਡਾ), ਜਸਪਾਲ ਸਿੰਘ ਉਰਫ ਗੱਪੂ ਵਾਸੀ ਭਾਗੀ ਵਾਂਦਰ, ਵਿੱਕੀ ਸਿੰਘ ਵਾਸੀ ਕੋਟਸ਼ਮੀਰ ਅਤੇ ਹਰਜੋਤ ਸਿੰਘ ਉਰਫ ਜੋਤ ਵਾਸੀ ਨਾਥਪੁਰਾ ਹਾਲ ਜੀਵਨ ਸਿੰਘਵਾਲਾ ਸ਼ਾਮਲ ਹਨ। ਡੀਐੱਸਪੀ ਅਨੁਸਾਰ ਮੁਲਜਮਾਂ ਨੇ ਬੀਤੀ 9 ਸਤੰਬਰ 2021 ਨੂੰ ਪਿੰਡ ਅਲੀਕਾਂ ਖੇਤਰ (ਥਾਣਾ ਰੋੜੀ) ’ਚ ਮਨਦੀਪ, ਜਸਪਾਲ ਅਤੇ ਵਿੱਕੀ ਨੇ ਮਿਲਕੇ ਇੱਕ ਮੋਬਾਈਲ ਫੋਨ ਅਤੇ ਸਾਢੇ ਦਸ ਹਜ਼ਾਰ ਰੁਪਏ ਖੋਹੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਕਾਲਾਂਵਾਲੀ ’ਚ ਕੇਸ ਦਰਜ ਕੀਤਾ ਗਿਆ ਹੈ ਅਤੇ ਪੰਜਾਬ ਪੁਲੀਸ ਨਾਲ ਰਾਬਤਾ ਕਾਇਮ ਕਰਕੇ ਮੁਲਜ਼ਮਾਂ ਦਾ ਅਪਰਾਧਕ ਰਿਕਾਰਡ ਫਰੋਲਿਆ ਜਾਵੇਗਾ।

More from this section