ਧਰਮ ਤੇ ਵਿਰਸਾ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੂਰਬੀਨ ਲਾਉਣ ਅਤੇ ਸਰਕੰਡਾ ਕੱਟਣ ਦੀ ਮੰਗ

ਫ਼ੈਕ੍ਟ ਸਮਾਚਾਰ ਸੇਵਾ ਡੇਰਾ ਬਾਬਾ ਨਾਨਕ , ਜੁਲਾਈ 23

ਕੋਰੋਨਾ ਮਹਾਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਬੰਦ ਕੀਤਾ ਗਿਆ ਹੈ। ਇਸ ਵੇਲੇ ਸਰਹੱਦ ‘ਤੇ ਬਣਾਏ ਗਏ ਆਰਜ਼ੀ ਦਰਸ਼ਨ ਕਰਨ ਵਾਲੀ ਥਾਂ ‘ਤੇ ਦੂਰਬੀਨ ਨਾ ਹੋਣ ਤੋਂ ਇਲਾਵਾ ਪਾਕਿਸਤਾਨ ਵੱਲ ਧੁੱਸੀ ‘ਤੇ ਉੱਗੇ ਸਰਕੰਡਿਆਂ ਕਾਰਨ ਨਾਨਕ ਨਾਮ ਲੇਵਾ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਹਨ।

ਇਸ ਸਬੰਧੀ ਫਰੀਦਾਬਾਦ ਤੋਂ ਆਏ ਜਤਿੰਦਰ ਸਿੰਘ, ਹਰਸਿਮਰਨ ਸਿੰਘ , ਹਰਭਜਨ ਸਿੰਘ ਅਸ਼ੀਸ਼, ਗੁਰਵਿੰਦਰ ਸਿੰਘ, ਹਰਕੀਰਤ ਸਿੰਘ, ਮਨਤੇਜ਼, ਅਮਰਜੀਤ ਕੌਰ, ਰਮਨਦੀਪ ਕੌਰ, ਅਲਕਾ ਆਦਿ ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ‘ਤੇ ਬਣੇ ਦਰਸ਼ਨ ਸਥਾਨ ਤੋਂ ਕਰੀਬ ਚਾਰ ਕਿਲੋਮੀਟਰ ਦੂਰੀ ‘ਤੇ ਪੈਂਦੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਇੰਨੀ ਦੂਰ ਤੋਂ ਆਉਣ ਉਪਰੰਤ ਵੀ ਇਥੇ ਦੂਰਬੀਨ ਨਾ ਹੋਣ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਔਖੇ ਹੋ ਰਹੇ ਹਨ। ਪਾਕਿਸਤਾਨ ਵਾਲੇ ਪਾਸੇ ਸਰਕੰਡਾ ਉੱਗਿਆ ਹੋਣ ਕਾਰਨ ਵੀ ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਨਹੀਂ ਹੋ ਰਹੇ। ਲੋਕਾਂ ਨੇ ਇਸ ਮੌਕੇ ਮੰਗ ਕੀਤੀ ਕਿ ਇਥੇ ਦੂਰਬੀਨ ਲਗਵਾਈ ਜਾਵੇ ਤੇ ਪਾਕਿਸਤਾਨ ਵਾਲੇ ਪਾਸੇ ਉੱਗੇ ਸਰਕੰਡਿਆਂ ਨੂੰ ਵੀ ਸਾਫ ਕਰਵਾਇਆ ਜਾਵੇ ਤਾਂ ਜੋ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ।