ਪੰਜਾਬ

ਉਤਰਾਖੰਡ ਦੇ ਰਾਜਪਾਲ ਲੈਫ. ਜਨਰਲ (ਰਿਟਾ.) ਗੁਰਮੀਤ ਸਿੰਘ ਵਲੋਂ ਸੈਨਿਕ ਸਕੂਲ ਕਪੂਰਥਲਾ ਦੀ ਅਲੂਮੀਨੀ ਮੀਟ ’ਚ ਸਿਰਕਤ

ਫੈਕਟ ਸਮਾਚਾਰ ਸੇਵਾ
ਕਪੂਰਥਲਾ, ਦਸੰਬਰ 5

ਸੈਨਿਕ ਸਕੂਲ ਕਪੂਰਥਲਾ ਵਿਖੇ ਅੱਜ ਸਾਬਕਾ ਵਿਦਿਆਰਥੀਆਂ ਦੀ ਮਿਲਣੀ (ਅਲੂਮੀਨੀ ਮੀਟ) ਕਰਵਾਈ ਗਈ ਜਿਸ ਵਿੱਚ ਉਤਰਾਖੰਡ ਦੇ ਰਾਜਪਾਲ ਲੈਫ. ਜਨਰਲ (ਰਿਟਾ.) ਗੁਰਮੀਤ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ।

ਇਸ ਮੌਕੇ ਰਾਜਪਾਲ ਲੈਫ.ਜਨਰਲ (ਰਿਟਾ.) ਗੁਰਮੀਤ ਸਿੰਘ ਵਲੋਂ ਸੈਨਿਕ ਸਕੂਲ ਕਪੂਰਥਲਾ ਵਿਖੇ ਸ਼ਹੀਦੀ ਸਥਲ ’ਤੇ ਦੇਸ਼ ਦੀ ਸੁਰੱਖਿਆ ਅਤੇ ਹਿੱਤਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਮਹਾਨ ਸੈਨਿਕਾਂ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਐਨ.ਸੀ.ਸੀ. ਕੰਟੀਜੈਂਟ ਦੇ ਵਿਦਿਆਰਥੀਆਂ ਵਲੋਂ ਉਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਜਦਕਿ ਸੈਨਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਬੈਡ ਡਿਸਪਲੇਅ ਪੇਸ਼ ਕੀਤਾ ਗਿਆ।

ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਾਲ 1967 ਤੋਂ 73 ਤੱਕ ਇਥੇ ਪੜਾਈ ਕਰਨ ਤੋਂ ਬਾਅਦ ਵਿਦਿਆ ਦੇ ਇਸ ਮੰਦਿਰ ਵਿਖੇ ਆਉਣ ਨਾਲ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ। ਦੇਸ਼ ਭਰ ਵਿੱਚ 33 ਸੈਨਿਕ ਸਕੂਲਾਂ ਵਲੋਂ ਨੌਜਵਾਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਤਿਆਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨਾਂ ਸਕੂਲਾਂ ਨੂੰ 100 ਤੱਕ ਮਜਬੂਤ ਕਰਨ ਦਾ ਲਿਆ ਗਿਆ ਫ਼ੈਸਲਾ ਅਹਿਮ ਕਦਮ ਸ਼ਾਬਿਤ ਹੋਵੇਗਾ।

ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਦਿੱਤਿਆ ਉਪੱਲ ਵਲੋਂ ਪੰਜਾਬ ਸਰਕਾਰ ਦੀ ਤਰਫੋਂ ਰਾਜਪਾਲ ਲੈਫ. ਜਨਰਲ (ਰਿਟਾ.) ਗੁਰਮੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਦਿਆਰਥੀਆਂ ਵਲੋਂ ਸਕੂਲ ਨੂੰ ਇਕ ਨਵਾਂ ਟਰੈਕਟਰ ਵੀ ਭੇਟ ਕੀਤਾ ਗਿਆ।

Visit Facebook Page: https://www.facebook.com/factnewsnet See videos: https://www.youtube.com/c/TheFACTNews/videos