ਧਰਮ ਤੇ ਵਿਰਸਾ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ, ਅਕਤੂਬਰ 3

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਬਟਾਲਾ ਤੋਂ ਚੱਲੀ ਇਸ ਯਾਤਰਾ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ ਦੀਆਂ ਵਿਦਿਆਰਥਣਾਂ ਅਤੇ ਬਟਾਲਾ ਸ਼ਹਿਰ ਦੇ ਵਸਨੀਕਾਂ ਨੇ ਭਾਗ ਲਿਆ।

ਇਸ ਮੁਫ਼ਤ ਬੱਸ ਯਾਤਰਾ ਰਾਹੀਂ ਯਾਤਰੂਆਂ ਨੇ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਿੰਡ ਕਿਸ਼ਨਕੋਟ ਵਿਖੇ ਰਾਧਾ ਕਿ੍ਰਸ਼ਨ ਮੰਦਰ, ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ, ਮਸਾਣੀਆਂ ਵਿਖੇ ਹਜ਼ਰਤ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕੀਤੇ। ਘੱਲੂਘਾਰਾ ਸਮਾਰਕ ਵਿਖੇ ਵਿਦਿਆਰਥਣਾਂ ਤੇ ਯਾਤਰੂਆਂ ਨੂੰ ਦਸਤਾਵੇਜੀ ਫਿਲਮ ਵੀ ਦਿਖਾਈ ਗਈ।

 

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ ਦੀ ਲੈਕਚਰਾਰ ਸ੍ਰੀਮਤੀ ਸੁਖਵਿੰਦਰ ਕੌਰ ਬਾਜਵਾ ਨੇ ਕਿਹਾ ਕਿ ਇਹ ਯਾਤਰਾ ਬਹੁਤ ਯਾਦਗਾਰ ਸੀ ਅਤੇ ਵਿਦਿਆਰਥਣਾਂ ਲਈ ਇਹ ਇੱਕ ਸਿੱਖਿਅਕ ਟੂਰ ਸੀ। ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਧਾਰਮਿਕ ਤੇ ਇਤਿਹਾਸਕ ਅਸਥਾਨ ਹਨ ਜਿਨ੍ਹਾਂ ਤੋਂ ਬਹੁਤੇ ਲੋਕ ਅਣਜਾਨ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਰਿਹਾ ਹੈ। ਬਟਾਲਾ ਨਿਵਾਸੀ ਗੁਰਮਿੰਦਰ ਕੌਰ ਨੇ ਵੀ ਇਸ ਯਾਤਰਾ ਦੀ ਸਰਾਹਨਾ ਕਰਦਿਆਂ ਕਿ ਇਹ ਯਾਤਰਾ ਸੱਚਮੁੱਚ ਹੀ ਯਾਦਗਾਰੀ ਸੀ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ ਦੀਆਂ ਵਿਦਿਆਰਥਣਾਂ ਨਿਮਰਜੋਤ ਕੌਰ ਅਤੇ ਲਵਲੀਨ ਕੌਰ ਨੇ ਕਿਹਾ ਕਿ ਇਸ ਟੂਰ ਰਾਹੀਂ ਉਨਾਂ ਨੂੰ ਬਹੁਤ ਕੁਝ ਜਾਨਣ ਤੇ ਸਿੱਖਣ ਨੂੰ ਮਿਲਿਆ ਹੈ।

ਇਸ ਮੌਕੇ ਯਾਤਰੂਆਂ ਨੂੰ ਸਾਰੇ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ।