ਧਰਮ ਤੇ ਵਿਰਸਾ

ਪਾਕਿਸਤਾਨ ‘ਚ ਸਿੱਖ ਆਗੂਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ

ਫੈਕਟ ਸਮਾਚਾਰ ਸੇਵਾ ਅੰਮ੍ਰਿਤਸਰ , ਸਤੰਬਰ 21

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਉਣ ਲਈ ਭਾਰਤ ਤੋਂ 9 ਮੈਂਬਰੀ ਸਿੱਖ ਆਗੂਆਂ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਪੁੱਜਾ। ਭਾਰਤ ਤੋਂ ਪਾਕਿਸਤਾਨ ਪੁੱਜਣ ਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਐੱਮਪੀਏ ਰਮੇਸ਼ ਸਿੰਘ ਅਰੋੜਾ ਸਿੱਖ ਆਗੂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਤਾਰਾ ਸਿੰਘ ਜਨਰਲ ਸਕੱਤਰ ਵਿਕਾਸ ਸਿੰਘ, ਪਾਕਿਸਤਾਨ ਔਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜ਼ੀਰ ਖਾਂ , ਅਡੀਸ਼ਨ ਸਕੱਤਰ ਇਮਰਾਨ ਗੌਂਦਲ ਸਮੇਤ ਵੱਡੀ ਗਿਣਤੀ ਵਿਚ ਸਿੱਖ ਆਗੂਆਂ ਅਤੇ ਪਾਕਿਸਤਾਨ ਗੁਰਧਾਮਾਂ ਦੇ ਗ੍ਰੰਥੀ ਸਿੰਘਾਂ ਵੱਲੋਂ ਗੁਲਾਬ ਦੇ ਫੁੱਲਾਂ ਦੇ ਸਿਹਰੇ ਅਤੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।

ਭਾਰਤ ਤੋਂ ਪਾਕਿਸਤਾਨ ਜਾਣ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 9 ਮੈਂਬਰੀ ਸਿੱਖ ਆਗੂਆਂ ਦਾ ਵਫ਼ਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤੀ ਕਰਨ ਵਾਲੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਉਥੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਇਸ ਯਾਤਰਾ ਦੌਰਾਨ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਵਿਖੇ ਆਪਣੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪੇਣ ਤਕ ਆਪਣੀ ਧਰਮ ਪਤਨੀ ਅਤੇ 2 ਬੇਟੀਆਂ ਸਮੇਤ ਸੇਵਾ ਕਰਨਗੇ, ਉਨ੍ਹਾਂ ਦੱਸਿਆ ਕਿ ਉਹ ਇਸ ਦੌਰਾਨ ਲਾਹੌਰ ਦੇ ਪ੍ਰਸਿੱਧ ਕਾਲਜ ਵਿਖੇ ਆਪਣਾ ਲੈਕਚਰ ਵੀ ਦੇਣਗੇ ਤੇ ਇਸ ਦੌਰਾਨ ਉਹ ਲਾਹੌਰ ਸਥਿਤ ਲਹਿੰਦੇ ਪੰਜਾਬ ਪਾਕਿਸਤਾਨ ਦੇ ਗਵਰਨਰ ਹਾਊਸ ਵਿਖੇ ਗਵਰਨਰ ਨਾਲ ਮੁਲਾਕਾਤ ਵੀ ਕਰਨਗੇ, ਉਪਰੰਤ ਉਹ ਗੁਰਦੁਆਰਾ ਸ੍ਰੀ ਪੰਜਾ ਸਾਹਿਬ , ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ , ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਲਾਹੌਰ , ਗੁਰਦੁਆਰਾ ਸੱਚਾ ਸੌਦਾ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਦੇ ਹੋਏ 28 ਸਤੰਬਰ ਨੂੰ ਇਸੇ ਰਸਤੇ ਆਪਣੇ ਵਤਨ ਭਾਰਤ ਪਰਤਣਗੇ।