ਧਰਮ ਤੇ ਵਿਰਸਾ

ਸਿੱਖ ਵਿਰੋਧੀ ਆਦੇਸ਼ ਵਾਪਸ ਲਵੇ ਹਰਿਆਣਾ ਸਰਕਾਰ : ਗਿ. ਹਰਪ੍ਰੀਤ ਸਿੰਘ

ਫ਼ੈਕ੍ਟ ਸਮਾਚਾਰ ਸੇਵਾ ਅੰਮ੍ਰਿਤਸਰ , ਸਤੰਬਰ 6

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਜਾਰੀ ਕਰਕੇ ਹਰਿਆਣਾ ਸਰਕਾਰ ਦੇ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵਿਵਾਦਮਈ ਆਦੇਸ਼ ਨੂੰ ਸਿੱਖ ਧਰਮ ਖ਼ਿਲਾਫ਼ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਜੇ ਹਰਿਆਣਾ ਸਰਕਾਰ ਦਾ ਪਬਲਿਕ ਸਰਵਿਸ ਕਮਿਸ਼ਨ ਆਪਣੇ ਆਦੇਸ਼ ਵਾਪਸ ਨਹੀਂ ਲੈਂਦਾ ਤਾਂ ਐੱਸਜੀਪੀਸੀ ਅਤੇ ਸਿੱਖ ਕੌਮ ਦੀਆਂ ਜਥੇਬੰਦੀਆਂ ਅਦਾਲਤ ’ਚ ਇਨ੍ਹਾਂ ਆਦੇਸ਼ਾਂ ਖ਼ਿਲਾਫ਼ ਜਾਣਗੀਆਂ। ਉਹਨਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਸੰਗਤ ਨੇ ਲਿਆਂਦਾ ਹੈ ਕਿ ਹਰਿਆਣਾ ਦੇ ਪਬਲਿਕ ਸਰਵਿਸ ਕਮਿਸ਼ਨ ਨੇ ਆਦੇਸ਼ ਦਿੱਤੇ ਹਨ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਕੋਈ ਵੀ ਪ੍ਰੀਖਿਆਰਥੀ ਆਪਣੇ ਧਾਰਮਿਕ ਚਿੰਨ੍ਹ ਪਾ ਕੇ ਹਿੱਸਾ ਨਹੀਂ ਲੈ ਸਕੇਗਾ।

ਇਹ ਹੁਕਮ ਸਿੱਖ ਨੌਜਵਾਨਾਂ ਨੂੰ ਹਰਿਆਣਾ ਸਰਕਾਰ ਅਧੀਨ ਸਰਕਾਰੀ ਨੌਕਰੀਆਂ ਤੋਂ ਦੂਰ ਰੱਖਣ ਦੀ ਸਾਜ਼ਿਸ਼ ਹੈ। ਇਨ੍ਹਾਂ ਹੁਕਮਾਂ ਨਾਲ ਖ਼ਦਸ਼ਾ ਪੈਦਾ ਹੋ ਰਿਹਾ ਹੈ ਕਿ ਹਰਿਆਣਾ ਸਰਕਾਰ ਆਪਣਾ ਸਿੱਖ ਵਿਰੋਧੀ ਏਜੰਡਾ ਅਜਿਹੇ ਆਦੇਸ਼ਾਂ ਜ਼ਰੀਏ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜ ਕਕਾਰ ਅੰਮ੍ਰਿਤਧਾਰੀ ਸਿੱਖਾਂ ਲਈ ਧਾਰਮਿਕ ਰੂਪ ਵਿਚ ਜ਼ਰੂਰੀ ਹਨ। ਅੰਮ੍ਰਿਤਧਾਰੀ ਸਿੱਖ ਹੀ ਧਾਰਮਿਕ ਚਿੰਨ੍ਹ ਪਹਿਨਦੇ ਹਨ। ਜੇ ਧਾਰਮਿਕ ਚਿੰਨ੍ਹ ਪਹਿਨੇ ਹੋਏ ਸਿੱਖ ਨੌਜਵਾਨ ਪ੍ਰੀਖਿਆਵਾਂ ਵਿਚ ਨਹੀਂ ਬੈਠ ਸਕਣਗੇ ਤਾਂ ਉਹ ਸਰਕਾਰੀ ਨੌਕਰੀਆਂ ਤੋਂ ਵਾਂਝੇ ਰਹਿ ਜਾਣਗੇ।