ਹਰਿਆਣਾ

ਸੜਕ ਹਾਦਸੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਸਮੇਤ ਚਾਰ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਅੰਬਾਲਾ , ਅਗਸਤ 15

ਅੰਬਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਵਾਪਰੇ ਹਾਦਸੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਇਕ ਏਐੱਸਆਈ ਤੇ ਇੱਕ ਸਿਪਾਹੀ ਵੀ ਸ਼ਾਮਲ ਹਨ। ਘਟਨਾ ਮਗਰੋਂ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੂਲਪੁਰ (ਜ਼ਿਲ੍ਹਾ ਯਮੁਨਾਨਗਰ) ਵਾਸੀ ਮਨੀਸ਼ ਤੇ ਪ੍ਰਦੀਪ ਸਬਜ਼ੀ ਵੇਚਣ ਲਈ ਕਾਰ ’ਤੇ ਅੰਬਾਲਾ ਸ਼ਹਿਰ ਦੀ ਸਬਜ਼ੀ ਮੰਡੀ ਆ ਰਹੇ ਸਨ ਕਿ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਉਨ੍ਹਾਂ ਦਾ ਟਰੱਕ ਚਾਲਕ ਨਾਲ ਝਗੜਾ ਹੋ ਗਿਆ ਤੇ ਮਨੀਸ਼ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਘਟਨਾ ਸਥਾਨ ’ਤੇ ਪਹੁੰਚੇ ਪੁਲੀਸ ਮੁਲਾਜ਼ਮ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਰਹੇ ਕਿ ਇਸੇ ਦੌਰਾਨ ਅੰਬਾਲਾ ਛਾਉਣੀ ਵੱਲੋਂ ਆਏ ਇੱਕ ਟਰਾਲੇ ਨੇ ਸੜਕ ’ਤੇ ਖੜ੍ਹੇ ਚਾਰੋਂ ਜਣਿਆਂ ਨੂੰ ਦਰੜ ਦਿੱਤਾ। ਹਾਦਸੇ ਵਿੱਚ ਏਐੱਸਆਈ ਨਸੀਬ ਦਾਸ, ਮਨੀਸ਼ ਅਤੇ ਪ੍ਰਦੀਪ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਜ਼ਖ਼ਮੀ ਹੋਏ ਸਿਪਾਹੀ ਬਲਵਿੰਦਰ ਸਿੰਘ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਜਣਿਆਂ ਦੀਆਂ ਲਾਸ਼ਾਂ ਟਾਇਰਾਂ ਵਿਚ ਹੀ ਫਸ ਗਈਆਂ। ਹਾਈਡਰਾ ਦੀ ਮਦਦ ਨਾਲ ਟਰਾਲੇ ਦੇ ਟਾਇਰਾਂ ਵਿੱਚ ਫਸੀਆਂ ਲਾਸ਼ਾਂ ਕੱਢ ਕੇ ਸਿਵਲ ਹਸਪਤਾਲ ਅੰਬਾਲਾ ਸਿਟੀ ਪਹੁੰਚਾਈਆਂ ਗਈਆਂ। ਘਟਨਾ ਦੀ ਜਾਣਕਾਰੀ ਮਿਲਣ ’ਤੇ ਗ੍ਰਹਿ ਮੰਤਰੀ ਅਨਿਲ ਵਿੱਜ ਸਿਵਲ ਹਸਪਤਾਲ ਪਹੁੰਚੇ। ਵਿੱਜ ਨੇ ਮ੍ਰਿਤਕ ਪੁਲੀਸ ਵਾਲਿਆਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਬੱਚਿਆਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ।