ਹਾਂਗਕਾਂਗ ਵਿੱਚ ਐਪਲ ਡੇਲੀ ਦੇ ਸਾਬਕਾ ਸੀਨੀਅਰ ਸੰਪਾਦਕ ਗ੍ਰਿਫ਼ਤਾਰ

ਫ਼ੈਕ੍ਟ ਸਮਾਚਾਰ ਸੇਵਾ ਹਾਂਗਕਾਂਗ , ਜੁਲਾਈ 21

ਹਾਂਗਕਾਂਗ ਦੀ ਰਾਸ਼ਟਰੀ ਸੁਰੱਖਿਆ ਪੁਲਸ ਨੇ ਹੁਣ ਬੰਦ ਹੋ ਚੁੱਕੇ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਇਕ ਸਾਬਕਾ ਸੰਪਾਦਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨਾਲ ਕੁਝ ਹਫ਼ਤੇ ਪਹਿਲਾਂ ਅਖ਼ਬਾਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਇਸ ਦਾ ਕੰਮਕਾਰ ਬੰਦ ਕਰਨਾ ਪਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਐਪਲ ਡੇਲੀ ਦੇ ਕਾਰਜਕਾਰੀ ਪ੍ਰਧਾਨ ਸੰਪਾਦਕ ਲਾਮ-ਮੈਨ-ਚੁੰਗ ਨੂੰ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਲਈ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੀ ਭੁਗਤ ਦੀ ਸਾਜਿਸ਼ ਰਚਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਲਾਮ-ਮੈਨ-ਚੁੰਗ ਅਖ਼ਬਾਰ ਨਾਲ ਜੁੜਿਆ ਹੋਇਆ ਇਹ 8ਵਾਂ ਵਿਅਕਤੀ ਹੈ, ਜਿਸ ਨੂੰ ਕੁਝ ਸਮਾਂ ਪਹਿਲਾ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਜੂਨ ’ਚ ਇਸ ਤਰ੍ਹਾਂ ਦੇ ਮਾਮਲੇ ਦੇ ਸਬੰਧ ’ਚ 51 ਸਾਲ ਦੇ ਇਕ ਸਾਬਕਾ ਸੰਪਾਦਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਉਸ ਦੀ ਪਛਾਣ ਨਹੀਂ ਕਰਵਾਈ ਗਈ। ਜੂਨ ’ਚ ਪੁਲਸ ਨੇ ਅਖ਼ਬਾਰ ਦੇ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਉਥੋਂ ਹਾਰਡ ਡਰਾਈਵ ਅਤੇ ਲੈਪਟਾਪ ਨੂੰ ਆਪਣੇ ਨਾਲ ਲੈ ਗਏ। ਅਖ਼ਬਾਰ ਦੇ ਉੱਚ ਕਾਰਜਕਾਰੀ ਅਧਿਕਾਰੀਆਂ, ਸੰਪਾਦਕਾਂ ਅਤੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ 23 ਲੱਖ ਡਾਲਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਐਪਲ ਡੇਲੀ ਨੂੰ ਪਿਛਲੇ ਮਹੀਨੇ ਆਪਣਾ ਕੰਮ ਬੰਦ ਕਰਨਾ ਪਿਆ ਸੀ।

   

More from this section